ਮਹਾਂਵੀਰ ਮਿੱਤਲ
ਜੀਂਦ/ ਨਰਵਾਣਾ, 1 ਮਾਰਚ
ਖੇਤੀ ਦੇ ਤਿੰਨ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਬੱਦੋਵਾਲ ਟੌਲ ਪਲਾਜ਼ਾ ਉੱਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਹੁਣ ਤੱਕ ਟਰੈਕਟਰ ਰੈਲੀ, ਮੋਟਰਸਾਈਕਲ ਰੈਲੀ ਅਤੇ ਰੇਲਵੇ ਟਰੈਕ ਰੋਕ ਕੇ ਅੰਦੋਲਨ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਚੁੱਕਿਆ ਹੈ। ਇਸ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਮਹਿਲਾ ਕਿਸਾਨ ਔਰਤਾਂ ਅੱਗੇ ਆਈਆਂ ਅਤੇ ਬੱਦੋਵਾਲ ਟੌਲ ਪਲਾਜ਼ਾ ਤੋਂ ਉਨ੍ਹਾਂ ਨੇ ਖੇਤੀ ਬਿਲਾਂ ਖ਼ਿਲਾਫ਼ ਸਕੂਟੀ ਰੈਲੀ ਕੱਢੀ। ਇਹ ਸਕੂਟੀ ਰੈਲੀ ਬੱਦੋਵਾਲ ਟੌਲ ਤੋਂ ਸੁਰੂ ਹੋ ਕੇ ਕੈਨਾਲ ਰੋਡ, ਰੇਲਵੇ ਸਟੇਸ਼ਨ ਤੋਂ ਅਪੋਲੋ ਰੋਡ ਹੁੰਦੀ ਹੋਈ ਮੁੜ ਵਾਪਸ ਬੱਦੋਵਾਲ ਟੌਲ ਉੱਤੇ ਸਮਾਪਤ ਹੋਈ। ਇਸ ਸਕੂਟੀ ਰੈਲੀ ਨੂੰ ਅਗਰਵਾਲ ਵੈਸ਼ ਸਮਾਜ ਅਤੇ ਅਗਰੋਹਾ ਧਾਮ ਇਕਾਈ ਨਰਵਾਣਾ ਦੀ ਮਹਿਲਾ ਪ੍ਰਧਾਨ ਪ੍ਰਿਯੰਕਾ ਗੋਇਲ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਪ੍ਰਿਯੰਕਾ ਗੋਇਲ ਨੇ ਕਿਹਾ ਕਿ ਐੱਮਐੱਸਪੀ ਕਿਸਾਨਾਂ ਦਾ ਅਧਿਕਾਰ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਦੇਣਾ ਪਵੇਗਾ। ਨਰਵਾਣਾ ਵਿੱਚ ਸਕੂਟੀ ਰੈਲੀ ਦੌਰਾਨ ਜਦੋਂ ਮਹਿਲਾਵਾਂ ਹਿਸਾਰ ਰੋਡ ਉੱਤੇ ਪਹੁੰਚੀਆਂ ਤਾਂ ਇੱਥੇ ਉਨ੍ਹਾਂ ਨੇ ਜਜਪਾ ਦੇ ਵਿਧਾਇਕ ਰਾਮ ਨਿਵਾਸ ਸੂਰਜਾਖੇੜਾ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ।
ਮੋਟਰਸਾਈਕਲਾਂ ਤੇ ਸਾਈਕਲਾਂ ’ਤੇ ਖਟਕੜ ਟੌਲ ਪਲਾਜ਼ਾ ਪਹੁੰਚੇ ਕਿਸਾਨ
ਜੀਂਦ/ ਉਚਾਨਾ (ਪੱਤਰ ਪ੍ਰੇਰਕ): ਨਰਵਾਣਾ ਦੇ ਬੱਦੋਵਾਲ ਟੌਲ ਪਲਾਜ਼ਾ ਉੱਤੇ ਕਿਸਾਨ ਧਰਨੇ ਤੋਂ ਕਿਸਾਨ ਉਚਾਨਾ ਸ਼ਹਿਰ ਦੇ ਲਿਤਾਨੀ ਅਤੇ ਰੇਲਵੇ ਰੋਡ ਹੁੰਦੇ ਹੋਏ ਮੋਟਰਸਾਈਕਲ ਅਤੇ ਸਾਈਕਲ ਯਾਤਰਾ ਕਰਕੇ ਖਟਕੜ ਟੌਲ ਪਲਾਜਾ ਉੱਤੇ ਪਹੁੰਚੇ। ਇਸ ਮੌਕੇ ਉੱਤੇ ਲੀਲੂ ਬਡਨਪੁਰ ਨੇ ਕਿਹਾ ਕਿ ਸਾਰੇ ਦੇਸ਼ ਦਾ ਕਿਸਾਨ ਇੱਕ ਹੈ। ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਇਸ ਦੀ ਮਾਰ ਕਿਸਾਨਾਂ ਉੱਤੇ ਤਾਂ ਬਾਅਦ ਵਿੱਚ ਪਵੇਗੀ, ਪਹਿਲਾਂ ਆਮ ਗਰੀਬ ਵਿਅਕਤੀ ਉੱਤੇ ਪਵੇਗੀ। ਇਸ ਲਈ ਇਹ ਲੜਾਈ ਇਕੱਲੇ ਕਿਸਾਨਾਂ ਦੀ ਹੀ ਨਹੀਂ ਹੈ, ਸਗੋਂ ਅਸਲ ਵਿੱਚ ਤਾਂ ਆਮ ਗਰੀਬ ਵਿਅਕਤੀ ਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਪੈਟਰੌਲ ਅਤੇ ਡੀਜ਼ਲ ਦੇ ਰੇਟ ਮਹਿੰਗੇ ਹੋ ਰਹੇ ਹਨ। ਇਸ ਨਾਲ ਖੇਤੀ ਉੱਤੇ ਵੱਧ ਖਰਚਾ ਆਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਖੇਤੀ ਦੇ ਨਵੇਂ ਕਾਨੂੰਨ ਰੱਦ ਕਰਨ ਦੇ ਨਾਲ-ਨਾਲ ਪੈਟਰੋਲ ਅਤੇ ਡੀਜ਼ਲ ਦੇ ਰੇਟ ਉੱਤੇ ਕੰਟਰੋਲ ਕਰੇ।