ਹਰਜੀਤ ਸਿੰਘ
ਜ਼ੀਰਕਪੁਰ, 27 ਜੂਨ
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਤਾਂ ਵੱਡੇ ਕਰ ਰਹੀ ਹੈ ਪਰ ਜ਼ਿਲ੍ਹਾ ਮੁਹਾਲੀ ਦੇ ਢਕੋਲੀ ’ਚ ਸਰਕਾਰੀ ਹਾਈ ਸਮਾਰਟ ਸਕੂਲ ਤੇ ਐਲੀਮੈਂਟਰੀ ਸਕੂਲ ਇਕ ਤੰਗ ਇਮਾਰਤ ’ਚ ਚੱਲ ਰਹੇ ਹਨ। ਥਾਂ ਦੀ ਕਮੀ ਹੋਣ ਕਾਰਨ ਦੋਵੇਂ ਸਕੂਲਾਂ ਨੂੰ ਵੱਖ ਵੱਖ ਸਮੇਂ ’ਤੇ ਚਲਾਇਆ ਜਾ ਰਿਹਾ ਹੈ ਜਿਸ ਨਾਲ ਬੱਚਿਆਂ ਤੇ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਢਕੋਲੀ ਰੇਲਵੇ ਫਾਟਕ ਕੋਲ 1976 ਤੋਂ ਇਹ ਸਕੂਲ ਚੱਲ ਰਿਹਾ ਹੈ। ਇਸ ਵੇਲੇ ਇਥੇ 500 ਐਲੀਮੈਂਟਰੀ ਸਕੂਲ ਵਿੱਚ ਤੇ 320 ਹਾਈ ਸਕੂਲ ’ਚ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਦੋਵਾਂ ਸਕੂਲਾਂ ਕੋਲ ਇਸ ਵੇਲੇ ਤਕਰੀਬਨ ਇਕ ਬਿੱਘਾ ਜ਼ਮੀਨ ਹੈ। ਥਾਂ ਦੀ ਘਾਟ ਹੋਣ ਕਾਰਨ ਇਥੇ ਬੱਚਿਆਂ ਕੋਲ ਖੇਡ ਮੈਦਾਨ ਦੀ ਕੋਈ ਸਹੂਲਤ ਨਹੀਂ। ਬੱਚਿਆਂ ਨੂੰ ਆਪਣੇ ਖੇਡ ਤੇ ਹੋਰ ਗਤੀਵਿਧਆਂ ਦੇ ਸ਼ੌਕ ਨੂੰ ਮਾਰਨਾ ਪੈ ਰਿਹਾ ਹੈ। ਸਕੂਲ ’ਚ ਥਾਂ ਦੀ ਘਾਟ ਕਾਰਨ ਸਵੇਰ ਅੱਠ ਵਜੇ ਤੋਂ 12.30 ਵਜੇ ਤੱਕ ਪ੍ਰਾਇਮਰੀ ਸਕੂਲ ਤੇ 12.30 ਤੋਂ 5.30 ਵਜੇ ਤੱਕ ਹਾਈ ਸਕੂਲ ਦੇ ਵਿਦਿਆਰਥੀ ਸਿੱਖਿਆ ਹਾਸਲ ਕਰਦੇ ਹਨ। ਉਂਝ ਦੋਵਾਂ ਸਕੂਲਾਂ ਦੀਆਂ ਇਮਾਰਤਾਂ ਵੱਖ ਵੱਖ ਹਨ। ਪਰ ਦੋਵਾਂ ਸਕੂਲਾਂ ਵਿਚਾਲੇ ਵਿਹੜਾ ਕਰੀਬ 100 ਗਜ਼ ਹੈ ਜਿਥੇ ਦੋਵਾਂ ਸਕੂਲਾਂ ਦੀ ਐਨੀ ਵੱਡੀ ਗਿਣਤੀ ਵਿਦਿਆਰਥੀ ਸਮਾਂ ਨਹੀਂ ਕੱਢ ਸਕਦੇ। ਉਂਝ ਇਥੇ ਅਧਿਆਪਕ ਤੇ ਕਮਰੇ ਪੂਰੇ ਹਨ ਪਰ ਥਾਂ ਤੰਗ ਹੋਣ ਕਾਰਨ ਬੱਚਿਆਂ ਨੂੰ ਵੱਖ ਵੱਖ ਸਮੇਂ ਆਉਣਾ ਪੈਂਦਾ ਹੈ।
ਹਾਈ ਸਕੂਲ ਦੇ ਹੈੱਡ ਮਾਸਟਰ ਨਵੀਨ ਕੁਮਾਰ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਛੇਤੀ ਸਕੂਲ ਲਈ ਨਵੀਂ ਥਾਂ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਥਾਂ ’ਤੇ ਐਲੀਮੈਂਟਰੀ ਸਕੂਲ ਚੱਲ ਸਕਦਾ ਹੈ ਜਦੋਂਕਿ ਹਾਈ ਸਕੂਲ ਲਈ ਘੱਟ ਤੋਂ ਘੱਟ ਤੋਂ ਪੰਜ ਏਕੜ ਹੋਰ ਥਾਂ ਦੀ ਲੋੜ ਹੈ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਮਲਾ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਧਿਆਨ ’ਚ ਲਿਆਂਦਾ ਸੀ। ਲੰਘੇ ਦਿਨੀਂ ਸਿੱਖਿਆ ਮੰਤਰੀ ਮੀਤ ਹੇਅਰ ਨੇ ਹਲਕੇ ਦੇ ਸਕੂਲਾਂ ਦਾ ਦੌਰਾ ਕਰਕੇ ਦਾਅਵਾ ਕੀਤਾ ਸੀ ਕਿ ਛੇਤੀ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ।