ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 27 ਜੂਨ
ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਇਲਾਕੇ ਵਿੱਚ ਇੱਕ ਲੋਹਾ ਵਪਾਰੀ ਤੋਂ 8 ਲੱਖ ਰੁਪਏ ਲੁੱਟ ਲਏ। ਪ੍ਰਾਪਤ ਸੂਚਨਾ ਅਨੁਸਾਰ ਮੋਟਰਸਾਈਕਲ ’ਤੇ ਆਏ ਤਿੰਨ ਲੁਟੇਰਿਆਂ ਨੇ ਲੁੱਟ ਤੋਂ ਪਹਿਲਾਂ ਕਾਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਦਿੱਤਾ ਅਤੇ ਫਿਰ ਪੇਟ ਵਿੱਚ ਗੋਲੀ ਮਾਰ ਕੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ’ਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ ਮੌਂਟੂ ਵਾਸੀ ਬਾੜਾ ਸਰਹਿੰਦ ਵਜੋਂ ਹੋਈ ਹੈ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਅਤੇ ਕੁੱਕੜ ਮਾਜਰਾ ਇਲਾਕੇ ਵਿੱਚ ਸਥਿਤ ਯੁਵਰਾਜ ਇੰਪੈਕਸ ਵਿੱਚ ਕੰਮ ਕਰਨ ਵਾਲਾ ਪਰਮਿੰਦਰ ਮੌਂਟੂ ਪੈਸੇ ਲੈ ਕੇ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਆ ਰਿਹਾ ਸੀ, ਜਿਸ ਦੀ ਪਿੱਛੇ ਤੋਂ ਰੇਕੀ ਕੀਤੀ ਜਾ ਰਹੀ ਸੀ ਅਤੇ ਜਿਵੇਂ ਹੀ ਉਹ ਪੌੜੀਆਂ ਚੜ੍ਹਿਆ ਤਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ ਨਕਦੀ ਖੋਹ ਲਈ ਅਤੇ ਰਸਤੇ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ। ਘਟਨਾ ਉਪਰੰਤ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਕਈ ਥਾਵਾਂ ਦੇ ਸੀ.ਸੀ.ਟੀ.ਵੀ ਫੁਟੇਜ ਹਾਸਲ ਕਰਨ ’ਚ ਜੁਟ ਗਈ ਹੈ। ਵਰਨਣਯੋਗ ਹੈ ਕਿ ਪਰਮਿੰਦਰ ਮੌਂਟੂ ਤੋਂ ਜਿਸ ਫਰਮ ਦੀ ਨਕਦੀ ਖੋਹੀ ਗਈ ਹੈ ਉਹ ਕਪਿਲ ਅਰੋੜਾ ਦੀ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਇਹ ਨਕਦੀ ਮਾਲਕ ਦੇ ਘਰੋਂ ਲਿਆਂਦੀ ਗਈ ਸੀ। ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਜਮੀਲ ਮੁਹੰਮਦ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।