ਮੁੱਖ ਅੰਸ਼
- ਸਿੱਖ ਆਗੂਆਂ ਨੂੰ ਸੰਬੋਧਨ ਕਰਨ ਤੋਂ ਰੋਕਣ ’ਤੇ ਰੋਹ ਭਖਿਆ
- ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਖ਼ਿਲਾਫ਼ ਨਾਅਰੇਬਾਜ਼ੀ
- ਬਠਿੰਡਾ-ਚੰਡੀਗੜ੍ਹ ਸੜਕ ’ਤੇ ਆਵਾਜਾਈ ਰੋਕੀ
- ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰਦੁਆਰੇ ਦੇ ਗੇਟ ਨੇੜੇ ਕੀਰਤਨ ਕੀਤਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ, 4 ਜੁਲਾਈ
ਨੇੜਲੇ ਪਿੰਡ ਜੌਲੀਆਂ ਦੇ ਗੁਰਦੁਆਰੇ ਵਿੱਚ ਪਿੰਡ ਦੀ ਹੀ ਔਰਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਟ ਕਰਨ ਦੀ ਘਟਨਾ ਸਬੰਧੀ ਪਸ਼ਚਤਾਪ ਕਰਨ ਲਈ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਦੇ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਅਰਦਾਸ ਕੀਤੀ। ਅਰਦਾਸ ਉਪਰੰਤ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁਝ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਸਬੰਧੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਛੰਨਾ ਵਾਲਿਆਂ ਨੇ ਪੁੱਛਿਆ ਤਾਂ ਉੱਥੇ ਮੌਜੂਦ ਪਿੰਡ ਦੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਪਸ਼ਚਾਤਾਪ ਦਾ ਸਮਾਂ ਹੈ ਤੇ ਕਮੇਟੀ ਦਾ ਫੈਸਲਾ ਹੈ ਕਿ ਇਸ ਮੌਕੇ ਕਿਸੇ ਵੀ ਬੁਲਾਰੇ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਵੇਗਾ। ਸਿੱਖ ਜਥੇਬੰਦੀਆਂ ਨੇ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰਦੁਆਰਾ ਦੇ ਗੇਟ ਨੇੜੇ ਕੀਰਤਨ ਕੀਤਾ।
ਇਸ ਮੌਕੇ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਝੀ, ਗੁਰਚਰਨ ਸਿੰਘ ਗੱਟੀ, ਭਾਈ ਬਲਦੇਵ ਸਿੰਘ ਵਡਾਲਾ ਤੋਂ ਇਲਾਵਾ ਹੋਰਨਾਂ ਸਿੱਖ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੇ ‘ਅਧੀਨ’ ਹੈ ਜਿਸ ਕਾਰਨ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਮਾਮਲੇ ਵਿੱਚ ਉਨ੍ਹਾਂ ਨੇ ਕੈਪਟਨ ਸਰਕਾਰ ਦੀ ਵੀ ਆਲੋਚਨਾ ਕੀਤੀ। ਬਾਅਦ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਜਾਮ ਲਗਾ ਦਿੱਤਾ।
ਭੋਗ ਮੌਕੇ ਬੂਟਾ ਸਿੰਘ ਗੁਰਥਲੀ, ਭੁਪਿੰਦਰ ਸਿੰਘ ਭਲਵਾਨ, ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਬਾਬਾ ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ ਐੱਸ.ਜੀ.ਪੀ.ਸੀ., ਬਲਵਿੰਦਰ ਸਿੰਘ ਦਰਬਾਰ ਸਾਹਿਬ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਰਾਜਿੰਦਰ ਸਿੰਘ ਛੰਨਾ ਸਾਬਕਾ ਸਰਪੰਚ, ਕੇਵਲ ਸਿੰਘ ਜਲਾਨ ਤੇ ਅਮਰਜੀਤ ਸਿੰਘ ਦਮਦਮੀ ਟਕਸਾਲ ਵੀ ਪਹੁੰਚੇ।
ਪ੍ਰਸ਼ਾਸਨ ਤੇ ਪੁਲੀਸ ਦੀ ਕਾਰਵਾਈ ’ਤੇ ਸੰਤੁਸ਼ਟੀ ਜਤਾਈ
ਪਿੰਡ ਜੌਲੀਆਂ ਦੇ ਗੁਰਦੁਆਰੇ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਜੌਲੀਆਂ, ਬੱਬੀ ਸਿੰਘ ਪ੍ਰਧਾਨ ਲੋਕਲ ਕਮੇਟੀ ਜੌਲੀਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਹਨ।