ਕਰੁਣਾਗਾਪੱਲੀ (ਕੇਰਲਾ), 1 ਅਪਰੈਲ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸਬਰੀਮਾਲਾ ਮੰਦਿਰ ਦੇ ਮੁੱਦੇ ਨੂੰ ਲੈ ਕੇ ਪਿਨਾਰਾਈ ਵਿਜਯਨ ਦੀ ਅਗਵਾਈ ਹੇਠਲੀ ਕੇਰਲਾ ਸਰਕਾਰ ’ਤੇ ਅੱਜ ਦੋਸ਼ ਲਾਇਆ ਕਿ ਐੱਲਡੀਐੱਫ ਸਰਕਾਰ ਨੇ ਲੋਕਾਂ ਦੀ ‘ਆਸਥਾ’ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਵਿਰੋਧੀ ਧਿਰ ਯੂਡੀਐੱਫ ਇਸ ’ਤੇ ਮੂਕ ਦਰਸ਼ਕ ਬਣੀ ਰਹੀ। ਕੋਲਾਮ ਜ਼ਿਲ੍ਹੇ ਦੇ ਕਰੁਣਾਗਾਪੱਲੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਨੱਡਾ ਨੇ ਦੋਸ਼ ਲਾਇਆ ਕਿ ਲੈਫਟ ਡੈਮੋਕਰੈਟਿਕ ਫਰੰਟ (ਐੱਲਡੀਐੱਫ) ਸਰਕਾਰ ਨੇ ਲੋਕਾਂ ਦੀ ਆਸਥਾ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਭਗਵਾਨ ਅਯੱਪਾ ਦੇ ਸ਼ਰਧਾਲੂਆਂ ’ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਬਰੀਮਾਲਾ ਮੰਦਿਰ ਦੀ ਪ੍ਰੰਪਰਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਅਗਵਾਈ ਹੇਠਲਾ ਯੂਡੀਐੱਫ ਗੱਠਜੋੜ ਪੂਰੇ ਮਾਮਲੇ ’ਚ ਮੂਕ ਦਰਸ਼ਕ ਬਣਿਆ ਰਿਹਾ ਅਤੇ ਇਸ ਮੁੱਦੇ ’ਤੇ ਸਿਰਫ਼ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਭਾਜਪਾ ਸੀ ਜੋ ਅਯੱਪਾ ਮੰਦਿਰ ਦੀਆਂ ਰਵਾਇਤਾਂ ਦੀ ਰਾਖੀ ਲਈ ਲੜਦੀ ਰਹੀ। -ਪੀਟੀਆਈ਼