ਮੁੰਬਈ, 1 ਅਪਰੈਲ
ਬੌਲੀਵੁੱਡ ਅਦਾਕਾਰਾ ਕੀਰਤੀ ਕੁਲਹਾਰੀ ਨੇ ਆਪਣੇ ਅਦਾਕਾਰ ਪਤੀ ਸਾਹਿਲ ਸਹਿਗਲ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਅਦਾਕਾਰਾ ਨੇ ਇਹ ਐਲਾਨ ਅੱਜ ਇੰਸਟਾਗ੍ਰਾਮ ’ਤੇ ਕੀਤਾ। ਕੀਰਤੀ ਨੇ ਨੋਟ ਲਿਖਿਆ ਕਿ ਉਨ੍ਹਾਂ ਨੇ ‘ਕਾਗਜ਼ ਉੱਤੇ ਨਹੀਂ, ਬਲਕਿ ਜ਼ਿੰਦਗੀ ਵਿੱਚ’ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਕੀਰਤੀ ਤੇ ਸਾਹਿਲ ਚਾਰ ਸਾਲ ਇਕੱਠੇ ਰਹੇ ਹਨ। ਉਸ ਨੇ ਲਿਖਿਆ, ‘ਇੱਕ ਸਧਾਰਨ ਨੋਟ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਤੇ ਮੇਰੇ ਪਤੀ ਸਾਹਿਲ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਕਾਗਜ਼ਾਂ ’ਤੇ ਨਹੀਂ ਪਰ ਜ਼ਿੰਦਗੀ ਵਿੱਚ। ਸ਼ਾਇਦ ਇਹ ਉਹ ਫ਼ੈਸਲਾ ਹੈ ਜੋ ਕਿਸੇ ਦੇ ਨਾਲ ਰਹਿਣ ਦੇ ਫ਼ੈਸਲੇ ਨਾਲੋਂ ਜ਼ਿਆਦਾ ਔਖਾ ਹੈ ਕਿਉਂਕਿ ਜਿਸ ਕਿਸੇ ਨੂੰ ਵੀ ਤੁਸੀਂ ਪਿਆਰ ਅਤੇ ਉਸ ਦੀ ਪ੍ਰਵਾਹ ਕਰਦੇ ਹੋ, ਉਸ ਨਾਲ ਰਹਿਣਾ ਖੁਸ਼ੀ ਵਾਲੀ ਗੱਲ ਹੁੰਦੀ ਹੈ।’ ਕੀਰਤੀ ਨੇ ਲਿਖਿਆ, ‘ਕਿਸੇ ਨਾਲ ‘ਨਾ ਹੋਣ ਦਾ ਫ਼ੈਸਲਾ’, ਉਸੇ ਵਿਅਕਤੀ ਨੂੰ ਦੁੱਖ ਅਤੇ ਪੀੜ ਦਿੰਦਾ ਹੈ। ਇਹ ਸੌਖਾ ਨਹੀਂ ਹੈ। ਸੋਚੋ ਇਸ ਦਾ ਮਤਲਬ ਹੈ ਕਿ ਇਹ ਸੌਖਾ ਨਹੀਂ ਹੈ ਪਰ ਜੋ ਹੈ ਸੋ ਹੈ।’ ਉਸ ਨੇ ਅੱਗੇ ਲਿਖਿਆ, ‘ਜੋ ਸੱਚੀਂ ਮੇਰੀ ਪ੍ਰਵਾਹ ਕਰਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਚੰਗੀ ਥਾਂ ’ਤੇ ਹਾਂ ਅਤੇ ਉਮੀਦ ਕਰਦੀ ਹਾਂ ਕਿ ਜੋ ਵੀ ਮੇਰੀ ਜ਼ਿੰਦਗੀ ’ਚ ਅਹਿਮੀਅਤ ਰੱਖਦੇ ਹਨ, ਉਹ ਵੀ ਠੀਕ ਥਾਂ ਹੋਣਗੇ। ਇਸ ਬਾਰੇ ਅੱਗੇ ਹੋਰ ਕੁਝ ਨਹੀਂ ਕਹਿਣਾ ਚਾਹੁੁੰਦੀ। ਹਮੇਸ਼ਾ ਅੱਗੇ ਵਧਦੇ ਰਹੋ।’ -ਆਈਏਐੱਨਐੱਸ