ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਥਾਣਾ ਕੋਤਵਾਲੀ ਦੀ ਪੁਲੀਸ ਨੇ ਉੱਤਰ ਪ੍ਰਦੇਸ਼ ਤੋਂ ਆਏ ਸੱਤ ਵਿਅਕਤੀਆਂ ਨੂੰ ਜਾਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜਬਰੀ ਚੰਦਾ ਉਗਰਾਹੀ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਇਤਿਹਾਸਕ ਜਾਮਾ ਮਸਜਿਦ ਫੀਲਡ ਗੰਜ ਦੇ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਵਾਸੀ ਸੰਤੋਖ ਨਗਰ ਸ਼ਿਵਪੁਰੀ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਾਈ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਤੋਂ ਆਏ ਕੁਝ ਲੋਕ ਜਾਲੀ ਰਸੀਦਾਂ ਅਤੇ ਜਾਅਲੀ ਅਥਾਰਟੀ ਲੈਟਰ ਤਿਆਰ ਕਰ ਕੇ ਮੁਸਲਿਮ ਭਾਈਚਾਰੇ ਤੋਂ ਜਬਰੀ ਚੰਦਾ ਉਗਰਾਹੀ ਕਰ ਰਹੇ ਹਨ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਪੁਲੀਸ ਪਾਰਟੀ ਨੇ ਬਰਾਊਨ ਰੋਡ ਸਥਿਤ ਏਬੀਸੀ ਹੋਟਲ ਵਿੱਚ ਛਾਪਾ ਮਾਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਮੁਹੰਮਦ ਜੋਕੀ, ਸ਼ਮਸ਼ਾਦ ਹੁਸੈਨ, ਆਬਿਦ ਹੁਸੈਨ, ਸਲੀਮ ਅੱਬਾਸ, ਜਰੀ ਅਖਤਰ, ਗਾਜੀਆ ਬੋਸ ਅਤੇ ਅਮਜ਼ਦ ਅਲੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 10 ਰਸੀਦ ਬੁੱਕਾਂ, ਰੰਗਦਾਰ ਫੋਟੋ ਕਾਪੀ ਅਥਾਰਟੀ ਲੈਟਰ ਨਕਲੀ, 21 ਹਜ਼ਾਰ 200 ਰੁਪਏ ਦੀ ਨਕਦੀ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਹੰਮਦ ਮੁਸਤਕੀਮ ਅਹਿਰਾਰੀ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਕਈ ਪ੍ਰਤੀਨਿਧਾਂ ਨੇ ਉਨ੍ਹਾਂ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਅਤੇ ਉਨ੍ਹਾਂ ਆਪਣੇ ਤੌਰ ’ਤੇ ਜਾਂਚ ਕਰਾਈ ਤਾਂ ਪਤਾ ਲੱਗਾ ਕਿ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੀ ਕਿਸੇ ਵੀ ਮਸਜਿਦ ਨਾਲ ਸਬੰਧਤ ਨਹੀਂ ਸਨ ਅਤੇ ਉਨ੍ਹਾਂ ਜਾਲੀ ਦਸਤਾਵੇਜ਼ ਤਿਆਰ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਹ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਘੁੰਮ ਫਿਰ ਕੇ ਮੱਦਰਸਿਆਂ ਅਤੇ ਮਸਜਿਦਾਂ ਦੇ ਨਾਮ ’ਤੇ ਉਗਰਾਹੀ ਕਰ ਰਹੇ ਸਨ।