ਚੰਡੀਗੜ੍ਹ (ਆਤਿਸ਼ ਗੁਪਤਾ): ਹਰਿਆਣਾ ਸਰਕਾਰ ਨੇ 16 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸਹੂਲਤਾਂ ਹੁਣ 1 ਫਰਵਰੀ ਸ਼ਾਮ 5 ਵਜੇ ਤੱਕ ਬੰਦ ਕਰ ਦਿੱਤੀਆਂ ਹਨ। ਇਹ ਸੇਵਾਵਾਂ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਆਬਾਦ, ਰਿਵਾੜੀ, ਸਿਰਸਾ, ਸੋਨੀਪਤ, ਪਲਵਲ ਅਤੇ ਝੱਜਰ ਜ਼ਿਲ੍ਹਿਆਂ ਵਿੱਚ ਬੰਦ ਰਹਿਣਗੀਆਂ। ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਸੂਬੇ ਵਿੱਚ ਲਗਾਤਾਰ ਪੰਜ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਰਹਿਣ ਕਰਕੇ ਆਨਲਾਈਨ ਕੰਮਕਾਜ ਅਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਅਸਰ ਪੈ ਰਿਹਾ ਹੈ। ਇਸੇ ਕਾਰਨ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਮੂਰਥਲ ਦੀਆਂ 27 ਅਤੇ 28 ਜਨਵਰੀ ਨੂੰ ਹੋਣ ਵਾਲੀਆਂ ਆਨਲਾਈਨ ਪ੍ਰੀਖਿਆਵਾਂ ਵੀ ਅੱਗੇ ਪਾ ਦਿੱਤੀਆਂ ਗਈਆਂ ਸਨ। ਕਈ ਹੋਰ ਪ੍ਰੀਖਿਆਵਾਂ ਵੀ ਨਹੀਂ ਹੋ ਰਹੀਆਂ ਹਨ। ਅੰਬਾਲਾ ਦੇ ਰਹਿਣ ਵਾਲੇ ਰਾਜਨ ਨਾਮ ਦੇ ਵਿਦਿਆਰਥੀ ਨੇ ਦੱਸਿਆ ਕਿ ਉਹ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ ਜਿਸ ਦੀ ਜ਼ਿਆਦਾਤਰ ਪੜ੍ਹਾਈ ਆਨਲਾਈਨ ਚੱਲ ਰਹੀ ਹੈ ਪਰ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰਕੇ ਉਸ ਦੀ ਪੜ੍ਹਾਈ ’ਤੇ ਅਸਰ ਪੈ ਰਿਹਾ ਹੈ। ਸੋਨੀਪਤ ਦੇ ਵਿਦਿਆਰਥੀਆਂ ਨੇ ਵੀ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਹੈ ਕਿ ਜਦੋਂ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੇ ਨਾਮ ’ਤੇ ਮੋਬਾਈਲ ਟਾਵਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਸਨ ਤਾਂ ਸੂਬਾ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਅਜਿਹੀਆਂ ਕਾਰਵਾਈਆਂ ਨਾ ਕਰਨ ਲਈ ਕਿਹਾ ਸੀ ਪਰ ਹੁਣ ਸਰਕਾਰ ਨੇ ਸੂਬੇ ਵਿੱਚ 5 ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਕੀਤੀ ਹੋਈ ਹੈ। ਕਾਂਗਰਸ ਸਣੇ ਹੋਰ ਰਾਜਸੀ ਪਾਰਟੀਆਂ ਦੇ ਆਗੂ ਵੀ ਇੰਟਰਨੈੱਟ ਚਾਲੂ ਕਰਨ ਦੀ ਮੰਗ ਕਰ ਚੁੱਕੇ ਹਨ।