ਨਵੀਂ ਦਿੱਲੀ: ਦਿੱਲੀ ਦੀ ਕੋਰਟ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਖਿਲਾਫ਼ ਦਰਜ ਮਨੀ ਲਾਂਡਰਿੰਗ ਕੇਸ ਦੀ ਸੁਣਵਾਈ 10 ਨਵੰਬਰ ਤਕ ਮੁਲਤਵੀ ਕਰ ਦਿੱਤੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਜੇਲ੍ਹ ਵਿੱਚ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ‘ਆਪ’ ਕੌਂਸਲਰ ਦੀ ਕਥਿਤ ਭੂਮਿਕਾ ਅਤੇ ਦਿੱਲੀ ਦੰਗਿਆਂ ਪਿੱਛੇ ਹੱਥ, ਦਾ ਨੋਟਿਸ ਲੈਂਦਿਆਂ ਅਦਾਲਤ ਨੇ ਤਾਹਿਰ ਨੂੰ 19 ਅਕਤੂਬਰ ਲਈ ਸੰਮਨ ਕੀਤਾ ਸੀ। ਹੁਸੈਨ ਦੀ ਅਦਾਲਤ ’ਚ ਅੱਜ ਪੇਸ਼ੀ ਮਗਰੋਂ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਸੁਣਵਾਈ ਨੂੰ 10 ਨਵੰਬਰ ਲਈ ਅੱਗੇ ਪਾ ਦਿੱਤਾ। ਇਸ ਦੌਰਾਨ ਤਿਹਾੜ ਜੇਲ੍ਹ ਅਥਾਰਿਟੀ ਨੇ ਦਿੱਲੀ ਕੋਰਟ ਨੂੰ ਦੱਸਿਆ ਕਿ ਦਿੱਲੀ ਦੰਗਿਆਂ ਕੇਸ ਵਿੱਚ ਯੂਏਪੀਏ ਤਹਿਤ ਗ੍ਰਿਫ਼ਤਾਰ ਵਿਦਿਆਰਥੀ ਕਾਰਕੁਨ ਗੁਲਫਿਸ਼ਾ ਖ਼ਾਤੂਨ ਨੇ ਕਈ ਮੌਕਿਆਂ ’ਤੇ ਜੇਲ੍ਹ ਸਟਾਫ਼ ਨਾਲ ਬਦਸਲੂਕੀ ਕੀਤੀ ਹੈ ਤੇ ਊਸ ਦਾ ਵਤੀਰਾ ਕਥਿਤ ਹਮਲਾਵਰ ਹੈ। -ਪੀਟੀਆਈ