ਅਸਫ਼ਲ ਪਿਆਰ ਦੀ ਦਾਸਤਾਨ
ਸੁੱਚੇ ਜਜ਼ਬਿਆਂ ਦੀ ਦਾਸਤਾਨ ਸਮੁੰਦਰੋਂ ਡੂੰਘੀ ਹੁੰਦੀ ਹੈ ਪਰ ਅਸਫ਼ਲ ਮੁਹੱਬਤ ਦੀ ਕਹਾਣੀ ਉਸ ਤੋਂ ਵੀ ਕਿਤੇ ਡੂੰਘੀ, ਪਿਆਰੀ, ਗੁੰਝਲਦਾਰ ਅਤੇ ਕਿਤੇ ਦਰਦਨਾਕ ਹੋ ਸਕਦੀ ਹੈ। ਪਹਿਲੀ ਮਾਰਚ ਨੂੰ ਪਰਵਾਜ਼ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਦੀ ਰਚਨਾ ‘ਲਵ ਜਹਾਦ : ਖ਼ੂਬਸੂਰਤੀ ਤੇ ਤੜਪ’ ਵਿਚ ਇਨ੍ਹਾਂ ਸਾਰੇ ਤੱਤਾਂ ਨੂੰ ਜਿਊਂਦੇ ਜਾਗਦੇ ਕਰ ਦਿੱਤਾ ਹੈ। ਇਕ ਹੋਰ ਗੱਲ ਜੋ ਇਹ ਰਚਨਾ ਹੈਰਾਨੀ, ਦੁੱਖ ਅਤੇ ਅਫ਼ਸੋਸ ਦੇ ਰਲੇ ਮਿਲੇ ਪ੍ਰਭਾਵ ਛੱਡਦੀ ਹੈ ਕਿ ਦੋ ਧਰਮਾਂ ਨੂੰ ਮੰਨਣ ਵਾਲਿਆਂ ਵਿਚਕਾਰ ਇਸ਼ਕ ਦੀ ਪ੍ਰਵਾਨਗੀ ਉੱਚੀਆਂ ਤੋਂ ਉੱਚੀਆਂ ਪਦਵੀਆਂ ’ਤੇ ਸੁਸ਼ੋਭਿਤ ਨਾ ਹੀ ਉਦਾਰਵਾਦ ਜਵਾਹਰ ਲਾਲ ਨਹਿਰੂ ਅਤੇ ਨਾ ਹੀ ਮਹਾਤਮਾ ਦੇ ਰੁਤਬੇ ਨਾਲ ਨਿਵਾਜੇ ਗਾਂਧੀ ਜੀ ਨੂੰ ਪ੍ਰਵਾਨ ਸੀ। ਲੇਖਕ ਐਨਐਸ ਵਿਨੋਦ ਦੀ ਖੋਜ ਭਰਪੂਰ ਕਿਤਾਬ ਉੱਤੇ ਆਧਾਰਿਤ ਇਹ ਰਚਨਾ ਇਹ ਦੱਸਣ ਵਿਚ ਵੀ ਸਫ਼ਲ ਹੋਈ ਹੈ ਕਿ ਅਸਫ਼ਲ ਪਿਆਰ ਦੀ ਯਾਦ ਦਾ ਸਫ਼ਰ ਪਿਆਰ ਕਰਨ ਵਾਲਿਆਂ ਦੀਆਂ ਕਬਰਾਂ ਤਕ ਜਾ ਕੇ ਮੁੱਕਦਾ ਹੈ।
ਕਰਮਜੀਤ ਸਿੰਘ, ਈਮੇਲ
ਪੰਜਾਬ ਦਾ ਇਤਿਹਾਸਕ ਮੁਕਾਮ
25 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਗੁਰਬੀਰ ਸਿੰਘ ਦਾ ਲੇਖ ‘ਪੰਜਾਬ : ਇਕ ਇਤਿਹਾਸਕ ਮੁਕਾਮ ’ਤੇ’ ਪੜ੍ਹਿਆ। ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਰ ਜੁਝਾਰੂ ਸ਼ਖ਼ਸ ਲਈ ਇਤਿਹਾਸਕ ਪਿੱਠ ਭੂਮੀ ਵਿਚੋਂ ‘ਪਗੜੀ ਸੰਭਾਲ ਜੱਟਾ ਲਹਿਰ’ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਆਪਣਾ ਸਭ ਕੁਝ ਅਰਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਡਾ. ਮਹਿੰਦਰ ਸਿੰਘ ਰੰਧਾਵਾ, ਸਰ ਛੋਟੂ ਰਾਮ ਤੇ ਜਸਟਿਸ ਗੁਰਨਾਮ ਸਿੰਘ ਦੇ ਕੀਤੇ ਕੰਮਾਂ ਰਾਹੀਂ ਸੰਘਰਸ਼ੀ ਲੋਕਾਂ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਿਆ ਗਿਆ ਹੈ। ਹਰ ਜੁਝਾਰੂ ਬਾਸ਼ਿੰਦੇ ਨੂੰ ਇਸ ਅੰਦੋਲਨ ਦੀ ਤਨੋ, ਮਨੋ, ਧਨੋ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਅਸੀਂ ਇਸ ਲੋਕ ਅੰਦੋਲਨ ਨੂੰ ਇਤਿਹਾਸ ਦਾ ਸਦੀਵੀ ਹਿੱਸਾ ਬਣਾ ਕੇ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਬਣਾ ਸਕੀਏ।
ਸਰਬਜੀਤ ਸਿੰਘ ਜੀਦਾ, ਈਮੇਲ
ਔਰਤ ਦਾ ਸਨਮਾਨ
25 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਮੁਆਫ਼ ਕਰੀਂ’ ਪੜ੍ਹਿਆ ਜਿਸ ਵਿਚ ਔਰਤ ਦੇ ਸਨਮਾਨ ਬਾਰੇ ਚਾਨਣਾ ਪਾਇਆ ਗਿਆ ਹੈ। ਲੇਖਕ ਦੇ ਵਿਚਾਰ ਅਨੁਸਾਰ ਸਮੇਂ ਦੇ ਇੰਨਾ ਬਦਲਣ ਦੇ ਬਾਵਜੂਦ ਔਰਤ ਨੂੰ ਇੰਨਾ ਮਾਣ-ਸਨਮਾਨ ਨਹੀਂ ਮਿਲਿਆ, ਜਿੰਨਾ ਮਿਲਣਾ ਚਾਹੀਦਾ ਹੈ। ਔਰਤ ਦੇ ਇੰਨਾ ਪੜ੍ਹ-ਲਿਖ ਜਾਣ ਦੇ ਬਾਵਜੂਦ ਉਸ ਨੂੰ ਸਮਾਜ ਵਿਚ ਬਣਦੀ ਜਗ੍ਹਾ ਨਹੀਂ ਦਿੱਤੀ ਗਈ।
ਚੇਤਨਾ ਸ਼ਰਮਾ, ਮਾਨਸਾ
ਕਿਸ਼ਨਗੜ੍ਹ ਵਾਲੀ ਘਟਨਾ ਦੀ ਹਕੀਕਤ
ਚਰਨਜੀਤ ਭੁੱਲਰ ਦਾ ‘ਵਿਚਲੀ ਗੱਲ’ ਵਾਲਾ ਲੇਖ ‘ਏਹ ਪਿੰਡ ਨਗੌਰੀ’ (22 ਫਰਵਰੀ ਪੰਨਾ 2) ਪੜ੍ਹਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਜਿਹੜਾ ਮੁਜਾਰਾ ਲਹਿਰ ਦਾ ਕੇਂਦਰ ਸੀ, ਵਿਚ ਬੰਬਾਰੀ ਅੰਗਰੇਜ਼ ਹਕੂਮਤ ਨੇ ਨਹੀਂ ਕੀਤੀ ਸੀ। ਪਿੰਡ ਕਿਸ਼ਨਗੜ੍ਹ ਵਿਚ ਬੰਬਾਰੀ ਆਜ਼ਾਦ ਭਾਰਤ ਦੀ ਸਰਕਾਰ ਨੇ ਕੀਤੀ ਸੀ ਅਤੇ ਆਜ਼ਾਦ ਭਾਰਤ ਦਾ ਪਹਿਲਾ ਮਾਰਸ਼ਲ ਲਾਅ ਪਿੰਡ ਕਿਸ਼ਨਗੜ੍ਹ ਵਿਚ 19 ਮਾਰਚ 1953 ਲਗਾਇਆ ਗਿਆ ਸੀ। ਪਿੰਡ ਦੇ ਬਿਸਵੇਦਾਰ ਦੀ ਹਮਾਇਤ ਵਿਚ ਫ਼ੌਜ ਨੇ ਗੋਲੀਬਾਰੀ ਕਰ ਕੇ ਚਾਰ ਕਿਸਾਨ ਮਾਰ ਦਿੱਤੇ ਸਨ। ਉੱਥੇ ਲਾਲ ਕਮਿਊਨਿਸਟ ਪਾਰਟੀ ਆ਼ਫ਼ ਇੰਡੀਆ ਦੇ ਦੋ ਆਗੂ ਕਪੂਰ ਸਿੰਘ ਬੀਰੋਕੇ ਅਤੇ ਰਾਮ ਸਿੰਘ ਬਾਗੀ ਵੀ ਫੌਤ ਹੋ ਗਏ। ਪਿੰਡ ਨੂੰ ਬਖ਼ਤਰਬੰਦ ਗੱਡੀਆਂ ਨਾਲ ਮਲੀਆਮੇਟ ਕਰ ਦਿੱਤਾ ਗਿਆ ਸੀ।
ਜਗਤਾਰ ਸਿੰਘ, ਈਮੇਲ
ਪ੍ਰੇਰਨਾ ਵਾਲੀ ਰਚਨਾ
20 ਫਰਵਰੀ ਦੇ ਸਤਰੰਗ ਅੰਕ ਵਿਚ ਗੋਵਰਧਨ ਗੱਬੀ ਦਾ ਲੇਖ ‘ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ’ ਪ੍ਰੇਰਨਾ ਵਾਲੀ ਰਚਨਾ ਹੈ। ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈ ਕੇ ਜਿਵੇਂ ਮਾਨਿਆ ਸਿੰਘ ਭਾਵੇਂ ਦੂਜੇ ਨੰਬਰ ’ਤੇ ਆਈ ਪਰ ਉਸ ਦਾ ਜੀਵਨ ਬੜਾ ਸੰਘਰਸ਼ ਵਾਲਾ ਰਿਹਾ। ਕਿਵੇਂ ਉਸ ਨੇ ਬਚਪਨ ਵਿਚ ਹੀ ਤੰਗੀਆਂ-ਤੁਰਸ਼ੀਆਂ, ਗ਼ਰੀਬੀ ਨਾਲ ਜੂਝਦਿਆਂ ਲੋਕਾਂ ਦੇ ਜੂਠੇ ਬਰਤਨ ਵੀ ਸਾਫ਼ ਕੀਤੇ ਪਰ ਹਾਰ ਨਹੀਂ ਮੰਨੀ ਅਤੇ ਅੱਗੇ ਵਧਣ ਲਈ ਉਸ ਨੇ ਪਾਰਟ ਟਾਈਮ ਨੌਕਰੀ ਵੀ ਕੀਤੀ। ਉਸ ਨੇ ਆਪਣੇ ਸੁਪਨੇ ਸਾਕਾਰ ਕਰਨ ਲਈ ਕੀ ਕੀ ਪਾਪੜ ਵੇਲੇ, ਇਹ ਰਚਨਾ ਉਸ ਦੀ ਕਹਾਣੀ ਬਿਆਨ ਕਰਦੀ ਹੈ।
ਗੋਵਿੰਦਰ ਜੱਸਲ, ਸੰਗਰੂਰ
ਜਮਾਤਾਂ ਦੇ ਨਾਮ ਬਦਲੇ !
27 ਫਰਵਰੀ ਨੂੰ ਪੰਨਾ ਨੰਬਰ 2 ’ਤੇ ਖ਼ਬਰ ਛਪੀ ਹੈ ਕਿ ‘ਪੰਜਾਬ ਵਿਚ ਪ੍ਰੀ-ਪ੍ਰਾਇਮਰੀ-1 ਦਾ ਨਾਮ ਬਦਲ ਕੇ ਐੱਲਕੇਜੀ ਅਤੇ ਪ੍ਰੀ-ਪ੍ਰਾਇਮਰੀ-2 ਦਾ ਬਦਲ ਕੇ ਯੂਕੇਜੀ ਰੱਖ ਦਿੱਤਾ ਹੈ। ਪਹਿਲਾਂ ਵੀ ਅੰਗਰੇਜ਼ੀ ਨਾਮ ਸੀ, ਹੁਣ ਸੋਧ ਕੇ ਵੀ ਅੰਗਰੇਜ਼ੀ ਨਾਮ ! ਸਾਡੇ ਵਕਤ ਇਨ੍ਹਾਂ ਕਲਾਸਾਂ ਦੇ ਨਾਮ ਕੱਚੀ ਅਤੇ ਪੱਕੀ ਹੁੰਦੇ ਸਨ। ਫਿਰ ਪਹਿਲੀ ਦੂਜੀ ਤੀਜੀ ਜਮਾਤ ਸ਼ੁਰੂ ਹੁੰਦੀ। ਪੰਜਾਬੀ ਦੇ ਇਹ ਪੁਰਾਣੇ ਸ਼ਬਦ ਘਟੀਆ ਲੱਗੇ? ਜਮਾਤਾਂ ਦੇ ਨਾਮ ਅੰਗਰੇਜ਼ੀ ਵਿਚ ਰੱਖਣ ਨਾਲ ਬੱਚੇ ਅੰਗਰੇਜ਼ ਹੋ ਜਾਣਗੇ? ਅਧਿਆਪਕਾਂ ਵਿਚੋਂ ਹੀਣਤਾ ਭਾਵ ਨਹੀਂ ਨਿਕਲ ਰਿਹਾ, ਬੱਚਿਆਂ ਵਿਚੋਂ ਕਿਵੇਂ ਕੱਢੋਗੇ?
ਡਾ. ਹਰਪਾਲ ਸਿੰਘ ਪੰਨੂ, ਬਠਿੰਡਾ