ਬਲੀਆ, 19 ਅਕਤੂਬਰ
ਰਾਸ਼ਨ ਦੀਆਂ ਦੁਕਾਨਾਂ ਦੀ ਅਲਾਟਮੈਂਟ ਦੌਰਾਨ ਗੋਲੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਭਾਜਪਾ ਦੇ ਸਥਾਨਕ ਆਗੂ ਧੀਰੇਂਦਰ ਪ੍ਰਤਾਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਬਚਾਅ ਲਈ ਗੋਲੀਆਂ ਚਲਾਈਆਂ ਸਨ। ਉਸ ਨੇ ਦਾਅਵਾ ਕੀਤਾ ਕਿ ਝਗੜਾ ਦੂਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬਲੀਆ ਦੇ ਦੁਰਜਨਪੁਰ ਪਿੰਡ ’ਚ ਰਾਸ਼ਨ ਦੀਆਂ ਦੁਕਾਨਾਂ ਦੀ ਅਲਾਟਮੈਂਟ ਸਮੇਂ ਧੀਂਰੇਦਰ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾਉਣ ਕਾਰਨ ਜੈ ਪ੍ਰਕਾਸ਼ ਗਾਮਾ (46) ਦੀ ਮੌਤ ਹੋ ਗਈ ਸੀ।
ਕੋਤਵਾਲੀ ਥਾਣੇ ਦੇ ਐੱਸਐੈੱਸਓ ਵਿਪਿਨ ਸਿੰਘ ਨੇ ਦੱਸਿਆ, ‘ਆਜ਼ਮਗੜ੍ਹ ਰੇਂਜ ਦੇ ਡੀਆਈਜੀ ਸੁਭਾਸ਼ ਚੰਦਰ ਦੂਬੇ ਨੇ ਧੀਰੇਂਦਰ ਪ੍ਰਤਾਪ ਸਿੰਘ ਤੋਂ ਕਰੀਬ ਅੱਧਾ ਘੰਟਾ ਪੁੱਛ-ਪੜਤਾਲ ਕਰਦਿਆਂ ਘਟਨਾ ਬਾਰੇ ਤਫ਼ਸੀਲ ’ਚ ਜਾਣਕਾਰੀ ਲਈ। ਉਸ ਨੇ ਪੁਲੀਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਗੋਲੀਆਂ ਚਲਾਉਣ ਲਈ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰਵਾਏਗਾ।’ ਪੁਲੀਸ ਮੁਤਾਬਕ ਮੁਲਜ਼ਮ ਨੇ ਕਥਿਤ ਦੋੋਸ਼ ਲਾਇਆ ਕਿ ਘਟਨਾ ਲਈ ਐੱਸਡੀਐੱਮ ਅਤੇ ਸਰਕਲ ਅਧਿਕਾਰੀ ਜ਼ਿੰਮੇਵਾਰ ਹਨ। ਉਸ ਨੇ ਐੱਸਡੀਐੱਮ ’ਤੇ ਦੂਜੀ ਧਿਰ ਨਾਲ ਮਿਲੀਭੁਗਤ ਦਾ ਵੀ ਦੋਸ਼ ਲਾਇਆ ਹੈ। -ਪੀਟੀਆਈ
ਬਾਰਾਬੰਕੀ ਦੇ ਪਰਿਵਾਰ ਵੱਲੋਂ ਵਿਧਾਨ ਭਵਨ ਅੱਗੇ ਆਤਮਦਾਹ ਦੀ ਕੋਸ਼ਿਸ਼
ਲਖਨਊ: ਬਾਰਾਬੰਕੀ ਨਾਲ ਸਬੰਧਤ ਇੱਕ ਪਰਿਵਾਰ ਵੱਲੋਂ ਅੱਜ ਉੱਚ ਸੁਰੱਖਿਆ ਘੇਰੇ ਵਾਲੇ ਵਿਧਾਨ ਭਵਨ ਅੱਗੇ ਆਤਮਦਾਹ ਦੀ ਕੋਸ਼ਿਸ਼ ਕੀਤੀ ਗਈ। ਡੀਸੀਪੀ (ਕੇਂਦਰੀ) ਸੋਮੇਨ ਬਰਮਾ ਨੇ ਦੱਸਿਆ ਕਿ ਬਾਰਾਬੰਕੀ ਨਾਲ ਸਬੰਧਤ ਵਿਅਕਤੀ ਨਸੀਰ, ਉਸ ਦੀ ਪਤਨੀ ਤੇ ਦੋ ਛੋਟੇ ਬੱਚਿਆਂ ਨੇ ਵਿਧਾਨ ਭਵਨ ਦੇ ਗੇਟ ਨੰਬਰ-2 ਅੱਗੇ ਖ਼ੁਦ ’ਤੇ ਕੋਈ ਤਰਲ ਪਦਾਰਥ ਛਿੜਕ ਆਤਮਦਾਹ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉੱਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਅਸਫਲ ਬਣਾ ਦਿੱਤਾ। ਡੀਸੀਪੀ ਮੁਤਾਬਕ ਪੁੱਛ-ਪੜਤਾਲ ਦੌਰਾਨ ਨਸੀਰ ਨੇ ਦੱਸਿਆ ਕਿ ਬਾਰਾਬੰਕੀ ’ਚ ਉਸ ਦੀ ਦੁਕਾਨ ਢਾਹ ਦਿੱਤੇ ਜਾਣ ਕਾਰਨ ਉਹ ਵਿੱਤੀ ਮੁਸ਼ਕਲਾਂ ਦੇ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਉਸਦੇ ਪਰਿਵਾਰ ਨੇ ਇਹ ਕਦਮ ਚੁੱਕਿਆ। -ਪੀਟੀਆਈ