ਲਖਵੀਰ ਸਿੰਘ ਚੀਮਾ
ਟੱਲੇਵਾਲ, 31 ਜਨਵਰੀ
ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਪੱਖੋਕੇ ਦੇ ਮਜ਼ਦੂਰ ਜਗਸੀਰ ਸਿੰਘ ਦਾ ਅਜੇ ਸਸਕਾਰ ਵੀ ਨਹੀਂ ਹੋਇਆ ਕਿ ਉਸ ਦੀ ਸੱਸ ਦੀ ਅੱਜ ਸਦਮੇ ਨਾਲ ਮੌਤ ਹੋ ਗਈ।
ਜਗਸੀਰ ਸਿੰਘ ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਦੇ ਕਾਫ਼ਲੇ ਨਾਲ 23 ਜਨਵਰੀ ਨੂੰ ਦਿੱਲੀ ਦੀ ਟਿਕਰੀ ਹੱਦ ’ਤੇ ਗਿਆ ਸੀ, ਜਿੱਥੇ ਬੀਤੇ ਸ਼ੁੱਕਰਵਾਰ ਉਸ ਦੀ ਮੌਤ ਹੋ ਗਈ ਸੀ। ਇਸ ਮਗਰੋਂ ਭਾਕਿਯੂ ਉਗਰਾਹਾਂ, ਜਗਸੀਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਅੱਗੇ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਰੱਖੀ ਸੀ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ ਅੱਜ ਜਗਸੀਰ ਸਿੰਘ ਦੀ ਸੱਸ ਸੰਤ ਕੌਰ (80) ਪਤਨੀ ਛੋਟਾ ਸਿੰਘ ਵਾਸੀ ਪਿੰਡ ਕਾਂਝਲਾ, ਜ਼ਿਲ੍ਹਾ ਸੰਗਰੂਰ ਦੀ ਸਦਮਾ ਲੱਗਣ ਨਾਲ ਮੌਤ ਹੋ ਗਈ।
ਕਿਸਾਨ ਰੇਸ਼ਮ ਸਿੰਘ ਦਾ ਦੂਜੇ ਦਿਨ ਵੀ ਨਾ ਹੋਇਆ ਸਸਕਾਰ
ਸ਼ੇਰਪੁਰ (ਬੀਰਬਲ ਰਿਸ਼ੀ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਕੇ ਵਿਚਰਦੇ ਆ ਰਹੇ ਪਿੰਡ ਈਨਾਬਾਜਵਾ ਦੇ ਕਿਸਾਨ ਰੇਸ਼ਮ ਸਿੰਘ ਦਾ ਅੱਜ ਦੂਜੇ ਦਿਨ ਵੀ ਸਸਕਾਰ ਨਾ ਹੋ ਸਕਿਆ। ਉਸ ਦੀ ਦੇਹ ਪਰਿਵਾਰ ਨੇ ਘਰ ’ਚ ਹੀ ਰੱਖੀ ਹੋਈ ਹੈ। ਬੀਕੇਯੂ ਏਕਤਾ ਉਗਰਾਹਾਂ ਨੇ ਪ੍ਰਸ਼ਾਸਨ ਨੂੰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ, ਸਾਰਾ ਕਰਜ਼ਾ ਮੁਆਫ਼ ਕਰਨ ਅਤੇ 10 ਲੱਖ ਮੁਆਵਜ਼ੇ ਦਾ ਐਲਾਨ ਕਰਨ ਸਬੰਧੀ ਅੱਜ 31 ਜਨਵਰੀ ਤਕ ਦਾ ਅਲਟੀਮੇਟਮ ਦਿੱਤਾ ਸੀ। ਮਹਿਜ਼ ਛੇ ਕੁ ਵਿੱਘੇ ਜ਼ਮੀਨ ਵਾਲੇ ਰੇਸ਼ਮ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਪਤਲੀ ਹੈ। ਪਰਿਵਾਰ ਸਿਰ ਸੁਸਾਇਟੀ ਸਮੇਤ ਕੁਝ ਹੋਰ ਲੋਕਾਂ ਦਾ ਕਾਫ਼ੀ ਕਰਜ਼ਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਮੰਗਾਂ ਦੀ ਪੂਰਤੀ ਲਈ ਉਹ ਪਹਿਲੀ ਫਰਵਰੀ ਨੂੰ ਸਵੇਰ ਵੇਲੇ ਇੱਕ ਵਾਰ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੂੰ ਮਿਲਣਗੇ ਪਰ ਜੇ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਰੇਸ਼ਮ ਸਿੰਘ ਦੀ ਲਾਸ਼ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਰੱਖ ਕੇ ਧਰਨਾ ਲਾਇਆ ਜਾਵੇਗਾ। ਐੱਸਡੀਐੱਮ ਦਾਅਵਾ ਕਰ ਚੁੱਕੇ ਹਨ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਿਵਾਰ ਦੀ ਮਦਦ ਕੀਤੀ ਜਾਵੇਗੀ।