ਪੱਤਰ ਪ੍ਰੇਰਕ
ਮਾਨਸਾ/ਘਨੌਲੀ, 27 ਮਈ
ਪੰਜਾਬ ਵਿੱਚ ਝੋਨੇ ਦੀ ਲੁਆਈ ਅਤੇ ਗਰਮੀ ਦਾ ਮੌਸਮ ਸਿਰ ’ਤੇ ਹੋਣ ਕਾਰਨ ਹੁਣ ਬਿਜਲੀ ਸੰਕਟ ਬਣਿਆ ਹੋਇਆ ਹੈ। ਮਾਨਸਾ ਨੇੜਲੇ ਪਿੰਡ ਬਣਾਂਵਾਲਾ ਦੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦਾ ਇੱਕ ਯੂਨਿਟ ਬੰਦ ਹੋ ਗਿਆ ਜੋ ਅੱਜ ਕਈ ਯਤਨਾਂ ਦੇ ਬਾਵਜੂਦ ਚਾਲੂ ਨਹੀਂ ਹੋ ਸਕਿਆ। ਇਸੇ ਤਰ੍ਹਾਂ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦੇ ਤਿੰਨ ਯੂਨਿਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ, ਜਿਨ੍ਹਾਂ ’ਚੋਂ ਕੋਈ ਵੀ ਚਾਲੂ ਨਹੀਂ ਹੋ ਸਕਿਆ ਹੈ ਅਤੇ 920 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਵੱਲੋਂ ਸ਼ਾਮ ਵੇਲੇ ਸਿਰਫ਼ 183 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ।ਤਲਵੰਡੀ ਸਾਬੋ ਤਾਪਘਰ ਦੇ ਪ੍ਰਬੰਧਕਾਂ ਤੋਂ ਪਤਾ ਲੱਗਿਆ ਹੈ ਕਿ ਯੂਨਿਟ ਨੰਬਰ-3 ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਤੇ ਇਸ ਯੂਨਿਟ ਦੇ ਭਲਕੇ ਤੋਂ ਕੰਮ ਕਰਨ ਦੀ ਸੰਭਾਵਨਾ ਹੈ।