ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਗਸਤ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਸਬੰਧੀ ਸੂਬਾ ਸਰਕਾਰ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਦਾ ਇੱਕ ਹੋਰ ਮੌਕਾ ਦਿੰਦਿਆਂ 11 ਅਗਸਤ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਭਾਈ ਮੰਡ ਨੇ ਆਪਣੇ ਸਾਥੀਆਂ ਸਮੇਤ ਪੰਜ ਪਿਆਰਿਆਂ ਦੇ ਰੂਪ ਵਿੱਚ 23 ਜੁਲਾਈ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ 2 ਅਗਸਤ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ ਪਰ ਇਨ੍ਹਾਂ ’ਚੋਂ ਕੋਈ ਵੀ ਹਾਜ਼ਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੇ ਬਰਗਾੜੀ ਮੋਰਚੇ ਦੌਰਾਨ ਸਰਕਾਰੀ ਨੁਮਾਇੰਦੇ ਬਣ ਕੇ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਹ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਸੰਗਤ ਨਾਲ ਕੀਤੇ ਵਾਅਦੇ ਤੋਂ ਭੱਜ ਗਈ ਹੈ ਅਤੇ ਹੁਣ ਤੱਕ ਨਿਆਂ ਨਹੀਂ ਮਿਲਿਆ। ਬੇਅਦਬੀ ਮਾਮਲੇ ਸਬੰਧੀ ਲਾਏ ਗਏ ਮੋਰਚੇ ਨਾਲ ਮਜ਼ਾਕ ਕਰਨ ਅਤੇ ਸਮੁੱਚੀ ਕੌਮ ਨਾਲ ਧੋਖਾ ਕਰਨ ਦੇ ਦੋਸ਼ ਹੇਠ ਇਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਨੂੰ ਇੱਥੇ ਆਪਣਾ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਅਕਾਲ ਤਖ਼ਤ ’ਤੇ ਪੇਸ਼ ਹੋਣਾ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਵਿੱਚ ਗੁਰੂ ਦਾ ਭੈਅ ਅਤੇ ਸਤਿਕਾਰ ਨਹੀਂ ਹੈ। ਇਸ ਨਾਲ ਉਹ ਪਹਿਲਾਂ ਕੀਤੀ ਵਾਅਦਾਖ਼ਿਲਾਫ਼ੀ ਵੀ ਕਬੂਲ ਕਰ ਰਹੇ ਹਨ ਅਤੇ ਪਰੰਪਰਾਵਾਂ ਦੀ ਉਲੰਘਣਾ ਕਰਨ ਦਾ ਗੁਨਾਹ ਵੀ ਕਰ ਰਹੇ ਹਨ। ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਅਕਾਲ ਤਖ਼ਤ ਵੱਲੋਂ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਇਹ ਪੰਜ ਸਰਕਾਰੀ ਨੁਮਾਇੰਦੇ 11 ਅਗਸਤ ਨੂੰ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਦੇ ਸਕਦੇ ਹਨ। ਉਨ੍ਹਾਂ ਲਈ ਇਹ ਆਖ਼ਰੀ ਮੌਕਾ ਹੈ। ਇਸ ਤੋਂ ਬਾਅਦ ਸਿੱਖ ਪਰੰਪਰਾਵਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅੱਜ ਉਨ੍ਹਾਂ ਨਾਲ ਪੰਜ ਪਿਆਰਿਆਂ ਵਜੋਂ ਬਾਬਾ ਹਿੰਮਤ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਗੁਰਸੇਵਕ ਸਿੰਘ ਅਤੇ ਬਾਬਾ ਨਛੱਤਰ ਸਿੰਘ ਵੀ ਹਾਜ਼ਰ ਸਨ।