ਪੱਤਰ ਪ੍ਰੇਰਕ
ਟੋਹਾਣਾ, 1 ਮਾਰਚ
ਜ਼ਿਲ੍ਹੇ ਦੇ ਪਿੰਡ ਰਾਮਸਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਜੇਬੀਟੀ ਅਧਿਆਪਕ ਜਿਤੇਂਦਰ ਕੁਮਾਰ ਦੀ ਸਕੂਲ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਅਧਿਆਪਕ ਜਿਤੇਂਦਰ ਕੁਮਾਰ ਪਿੰਡ ਦੜੌਲੀ ਜ਼ਿਲ੍ਹਾ ਹਿਸਾਰ ਦਾ ਵਸਨੀਕ ਸੀ ਤੇ ਆਪਣੀ ਕਾਰ ’ਤੇ ਸਕੂਲ ਵਿੱਚ ਡਿਊਟੀ ’ਤੇ ਗਿਆ ਸੀ। ਅੱਜ ਦੁਪਹਿਰ ਇੱਕ ਵਜੇ ਸਕੂਲ ਵਿੱਚ ਛੁੱਟੀ ਹੋਣ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੇ ਹੈਲਮੇਟ ਪਾਏ ਹੋਏ ਸਨ। ਉਹ ਸਕੂਲ ਦੇ ਗੇਟ ’ਤੇ ਖੜ੍ਹੇ ਸਨ। ਛੁੱਟੀ ਮਗਰੋਂ ਜਦੋਂ ਅਧਿਆਪਕ ਜਿਤੇਂਦਰ ਕੁਮਾਰ ਆਪਣੀ ਕਾਰ ਕੋਲ ਪੁੱਜਾ ਤਾਂ ਮੁਲਜ਼ਮਾਂ ਨੇ ਸਕੂਲ ’ਚ ਦਾਖ਼ਲ ਹੋ ਕੇ ਉਸ ’ਤੇ ਚਾਰ ਗੋਲੀਆਂ ਚਲਾਈਆਂ। ਜ਼ਖ਼ਮੀ ਅਧਿਆਪਕ ਬਚਾਅ ਲਈ ਸਕੂਲ ਦਫ਼ਤਰ ਵੱਲ ਦੌੜਿਆਂ ਤਾਂ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਦਫ਼ਤਰ ਦੇ ਦਰਵਾਜ਼ੇ ’ਤੇ ਫੇਰ ਤਿੰਨ ਗੋਲੀਆਂ ਮਾਰੀਆਂ।