ਲਖਵਿੰਦਰ ਸਿੰਘ
ਮਲੋਟ, 31 ਮਾਰਚ
ਮਲੋਟ ਵਿੱਚ ਵਿਧਾਇਕ ਅਰੁਣ ਨਾਰੰਗ ਨਾਲ ਦੁਰਵਿਹਾਰ ਦੀ ਘਟਨਾ ਮਗਰੋਂ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਅੱਜ ਪਿੰਡ ਬੋਦੀਵਾਲਾ, ਮਿੱਡਾ ਤੇ ਗੁਰੂਸਰ ਯੋਧਾ ’ਚ ਕੀਤੀ ਪੜਤਾਲ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਨ੍ਹਾਂ ਪਿੰਡਾਂ ਦੇ ਅੱਧੀ ਦਰਜਨ ਦੇ ਕਰੀਬ ਪਰਿਵਾਰਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ’ਤੇ ਨਹੀਂ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ, ਜਿਨ੍ਹਾਂ ਵਿੱਚੋਂ ਕਈ ਬਜ਼ੁਰਗ, ਦਿਲ ਦੇ ਰੋਗ, ਸ਼ੂਗਰ ਤੇ ਹੋਰ ਬਿਮਾਰੀਆਂ ਤੋਂ ਪੀੜਤ ਸਨ।
ਪਿੰਡ ਬੋਦੀਵਾਲਾ ਖੜਕ ਸਿੰਘ ਦੀ 75 ਸਾਲਾ ਬਿਰਧ ਔਰਤ ਬਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਨੇਮਪਾਲ ਸਿੰਘ ਫੈਕਟਰੀ ਵਿੱਚ ਕੰਮ ਕਰਦਾ ਹੈ। ਸ਼ਾਮ ਵੇਲੇ ਪੁਲੀਸ ਮੁਲਾਜ਼ਮ ਆਏ ਤੇ ਕਹਿਣ ਲੱਗੇ ਕਿ ਨੇਮਪਾਲ ਤੋਂ ਦਸਤਖ਼ਤ ਕਰਾਉਣੇ ਹਨ। ਜਦੋਂ ਨੇਮਪਾਲ ਬਾਹਰ ਆਇਆ ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਗੱਡੀ ’ਚ ਬਿਠਾ ਲਿਆ। ਇਸ ਔਰਤ ਨੇ ਕਿਹਾ ਕਿ ਜੇ ਪੁਲੀਸ ਕੋਈ ਤੱਥ ਪੇਸ਼ ਕਰੇ ਕਿ ਉਸ ਦਾ ਲੜਕਾ ਘਟਨਾ ਸਥਾਨ ’ਤੇ ਸੀ ਤਾਂ ਉਹ ਹਰ ਤਰ੍ਹਾਂ ਦਾ ਹਰਜਾਨਾ ਭਰਨ ਨੂੰ ਤਿਆਰ ਹਨ। ਇਸੇ ਤਰ੍ਹਾਂ ਲਾਭ ਸਿੰਘ ਨੇ ਦੱਸਿਆ ਕਿ ਉਸ ਦਾ 75 ਸਾਲਾ ਬਜ਼ੁਰਗ ਭਰਾ ਬਲਦੇਵ ਸਿੰਘ, ਜੋ ਸ਼ੂਗਰ ਤੇ ਦਿਲ ਦਾ ਮਰੀਜ਼ ਹੋਣ ਕਰਕੇ ਕਿਤੇ ਨਹੀਂ ਜਾਂਦਾ ਤੇ ਘਟਨਾ ਵਾਲੇ ਦਿਨ ਵੀ ਉਹ ਘਟਨਾ ਸਥਾਨ ’ਤੇ ਮੌਜੂਦ ਨਹੀਂ ਸੀ, ਪਰ ਪੁਲੀਸ ਨੇ ਉਸ ਨੂੰ ਘਰੋਂ ਚੁੱਕ ਲਿਆ। ਮਗਰੋਂ ਉਸ ਨੂੰ ਸ਼ੂਗਰ ਦੀ ਦਵਾਈ ਵੀ ਪੁੱਜਦੀ ਨਹੀਂ ਕਰਨ ਦਿੱਤੀ ਗਈ।
ਇਸੇ ਤਰ੍ਹਾਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਜੀਤ ਸਿੰਘ (72), ਜੋ ਸ਼ੂਗਰ ਤੇ ਦਿਲ ਦਾ ਮਰੀਜ਼ ਹੈ ਤੇ ਅੱਖਾਂ ਦਾ ਅਪਰੇਸ਼ਨ ਵੀ ਪਿਛਲੇ ਦਿਨੀਂ ਕਰਵਾਇਆ ਸੀ, ਨੂੰ ਵੀ ਪੁਲੀਸ ਨੇ ਘਰੋਂ ਚੁੱਕ ਲਿਆ, ਜਦਕਿ ਉਸ ਦਾ ਮਲੋਟ ਘਟਨਾ ਨਾਲ ਕੋਈ ਲਾਗਾ-ਦੇਗਾ ਨਹੀਂ। ਪੀੜਤ ਪਰਿਵਾਰਾਂ ਦਾ ਕਹਿਣਾ ਸੀ ਕਿ 5-7 ਸਾਲ ਪਹਿਲੀਆਂ ਕਿਸਾਨ ਜਥੇਬੰਦੀਆਂ ਦੀਆਂ ਸੂਚੀਆਂ ਦੇ ਆਧਾਰ ’ਤੇ ਪੁਲੀਸ ਕਿਸਾਨਾਂ ਨੂੰ ਚੁੱਕ-ਚੁੱਕ ਕੇ ਕੇਸ ਪਾਉਣ ਲੱਗ ਗਈ ਹੈ। ਉਨ੍ਹਾਂ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਮੰਗ ਕੀਤੀ ਕਿ ਮਲੋਟ ਕਾਂਡ ਦੀ ਪੜਤਾਲ ਕੀਤੀ ਜਾਵੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੱਡਿਆ ਜਾਵੇ।