ਪੱਤਰ ਪ੍ਰੇਰਕ
ਸੰਗਰੂਰ, 15 ਨਵੰਬਰ
ਕਰੋਨਾ ਕਾਲ ਦੌਰਾਨ ਸਰੀਰਕ ਗਤੀਵਿਧੀਆਂ ਘੱਟ ਗਈਆਂ ਹਨ ਜਿਸ ਕਾਰਨ ਸ਼ੂਗਰ ਰੋਗ ਕਾਫ਼ੀ ਵਧ ਗਿਆ ਹੈ ਅਤੇ ਅਜੋਕੇ ਸਮੇਂ ਦੌਰਾਨ ਬੱਚਿਆਂ ਵਿੱਚ ਵੀ ਇਹ ਰੋਗ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਸ਼ੂਗਰ ਦਿਵਸ ’ਤੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਮੋਟਾਪਾ, ਕਸਰਤ ਨਾ ਕਰਨਾ, ਜੀਵਨ ਵਿੱਚ ਤਣਾਅ ਆਦਿ ਦਾ ਹੋਣਾ, ਸੰਤੁਲਿਤ ਭੋਜਨ ਦੀ ਕਮੀ, ਸਮੇਂ ਸਿਰ ਖਾਣਾ ਨਾ ਖਾਣਾ ਅਤੇ ਖਾਨਦਾਨੀ ਕਾਰਨ ਆਦਿ ਹੋ ਸਕਦੇ ਹਨ| ਜੇਕਰ ਸਰੀਰ ਵਿਚ ਸ਼ੂਗਰ ਬਹੁਤ ਜ਼ਿਆਦਾ ਹੈ ਤਾਂ ਇਹ ਸਰੀਰ ਲਈ ਵਧੇਰੇ ਖਤਰਨਾਕ ਹੋ ਸਕਦੀ ਹੈ। ਸ਼ੂਗਰ ਨਾਲ ਅੱਖਾਂ ਅਤੇ ਗੁਰਦਿਆਂ ’ਤੇ ਮਾੜਾ ਅਸਰ, ਦਿਲ ਅਤੇ ਲਹੂ ਨਾੜੀਆਂ ਸਬੰਧੀ ਰੋਗ, ਦਿਲ ਦਾ ਦੌਰਾ ਅਤੇ ਲਕਵਾ ਆਦਿ ਹੋ ਸਕਦੇ ਹਨ| ਸ਼ੂਗਰ ਤੋਂ ਬਚਾਅ ਲਈ ਰੋਜ਼ਾਨਾ ਘੱਟੋ ਘੱਟ 30 ਮਿੰਟ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ ਤੇੇ ਖ਼ੁਰਾਕ ਵਿੱਚ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ| ਉਨ੍ਹਾਂ ਕਿਹਾ ਕਿ ਜੀਵਨਸ਼ੈਲੀ ਵਿੱਚ ਹਾਂ-ਪੱਖੀ ਸੁਧਾਰ ਲਿਆ ਕੇ ਸ਼ੂਗਰ ਰੋਗ ਤੋਂ ਬਚਿਆ ਜਾ ਸਕਦਾ ਹੈ| ਹੈਲਥ ਵੈਲਨੈਸ ਸੈਂਟਰ ਅਤੇ ਸਰਕਾਰੀ ਹਸਪਤਾਲਾਂ ਵਿਚ ਸ਼ੂਗਰ ਦੇ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ| ਉਨ੍ਹਾਂ ਰੋਜ਼ਾਨਾ ਕਸਰਤ ਨੂੰ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ।