ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਅਕਤੂਬਰ
ਸੂਬੇ ’ਚ ਪਰਾਲੀ ਸਾੜਨ ਦੀ ਕਈ ਵਰ੍ਹਿਆਂ ਤੋਂ ਚੱਲ ਰਹੀ ਰਿਵਾਇਤੀ ਪ੍ਰਥਾ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਮੋਗਾ,ਫਰੀਦਕੋਟ ਅਤੇ ਫਿਰੋਜ਼ਪੁਰ ਜਿਲ੍ਹਿਆਂ ’ਚ ਪਰਾਲੀ ਗਾਲਣ ਵਾਲੇ ਬਾਇਉਕਲਚਰ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਥੇ ਮੋਗਾ ਜ਼ਿਲ੍ਹੇ ’ਚ ਕੁਲ 250 ਏਕੜ ਜ਼ਮੀਨ ’ਤੇ ਪਰਾਲੀ ਗਾਲਣ ਲਈ ਖੋਸਾ ਕਲਸਟਰ ਦੇ 6 ਪਿੰਡਾਂ, ਖੋਸਾ ਕੋਟਲਾ, ਖੋਸਾ ਪਾਂਡੋ, ਖੋਸਾ ਰਣਧੀਰ, ਖੋਸਾ ਜਲਾਲ, ਰੱਤਿਆਂ ਅਤੇ ਦੁਨੇਕੇ ਚੁਣੇ ਗਏ ਹਨ। ਖੇਤੀ ਬਾੜੀ ਵਿਭਾਗ ਵੱਲੋਂ ਵਾਤਾਵਰਣ ਤੇ ਕੁਦਰਤੀ ਖੇਤੀ ਪ੍ਰੇਮੀ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਨਾਲ ਇਸ ਪ੍ਰਾਜੈਕਟ ਨੂੰ ਇਨ੍ਹਾਂ ਪਿੰਡਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਅੱਜ ਪਿੰਡ ਖੋਸਾ ਰਣਧੀਰ ਵਿਚ ਕਿਸਾਨਾਂ ਨੂੰ ਇਸ ਪਰਾਲੀ ਗਾਲਣ ਵਾਲੀ ਵਿਧੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਪਰਾਲੀ ਨੂੰ ਸਾੜਨ ਦੀ ਰਿਵਾਇਤੀ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇਹ ਮੋਗਾ ਸਮੇਤ ਤਿੰਨ ਜ਼ਿਲ੍ਹਿਆਂ ਵਿੱਚ ਬਾਇਉਕਲਚਰ ਦੇ ਪ੍ਰਦਰਸ਼ਨੀ ਪਲਾਂਟ ਲਗਾਉਣ ਦਾ ਫੈ਼ਸਲਾ ਕੀਤਾ ਹੈ। ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਪੂਸਾ ਨਵੀਂ ਦਿੱਲੀ ਵੱਲੋਂ ਕਈ ਕੰਪਨੀਆਂ ਦੇ ਨਾਲ ਤਾਲਮੇਲ ਕਰ ਕੇ ਨਵੇਂ ਸੂਖਮ ਜੀਵਾਂ ਦੁਆਰਾ ਪਰਾਲੀ ਨੂੰ ਗਾਲਣ ਲਈ ਕਲਚਰ ਤਿਆਰ ਕੀਤੇ ਜਾ ਰਹੇ ਹਨ।