ਮੁੰਬਈ, 27 ਜੁਲਾਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੂੰ ਉਨ੍ਹਾਂ ਦੇ 62ਵੇਂ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼ਿੰਦੇ ਨੇ ਆਪਣੇ ਵਧਾਈ ਸੰਦੇਸ਼ ਵਿੱਚ ਠਾਕਰੇ ਨੂੰ ਸ਼ਿਵ ਸੈਨਾ ਮੁਖੀ ਕਹਿ ਕੇ ਸੰਬੋਧਿਤ ਨਹੀਂ ਕੀਤਾ। ਪਿਛਲੇ ਮਹੀਨੇ ਸ਼ਿੰਦੇ ਅਤੇ ਸ਼ਿਵ ਸੈਨਾ ਦੇ 39 ਹੋਰ ਵਿਧਾਇਕਾਂ ਅਤੇ 10 ਆਜ਼ਾਦਾਂ ਨੇ ਠਾਕਰੇ ਵਿਰੁੱਧ ਬਗਾਵਤ ਕੀਤੀ, ਜਿਸ ਨਾਲ ਮਹਾ ਵਿਕਾਸ ਅਗਾੜੀ ਸਰਕਾਰ ਡਿੱਗ ਗਈ ਸੀ। ਸ਼ਿੰਦੇ ਨੇ ਟਵੀਟ ਕੀਤਾ, ‘ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’