ਪੱਤਰ ਪ੍ਰੇਰਕ
ਘਨੌਰ, 30 ਜਨਵਰੀ
ਯੂਨੀਵਰਸਿਟੀ ਕਾਲਜ ਘਨੌਰ ਦੇ ਐੱਨਐੱਸਐੱਸ ਵਿਭਾਗ ਵੱਲੋਂ ਪ੍ਰੋਗਰਾਮ ਅਫਸਰ ਡਾ. ਕਮਲਜੀਤ ਸਿੰਘ, ਪ੍ਰੋ. ਮਨਜੀਤ ਸਿੰਘ ਅਤੇ ਪ੍ਰੋ. ਅਮਨਦੀਪ ਕੌਰ ਗਿੱਲ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਨੂੰ ਸਮਰਪਿਤ ਨਾਟਕ ਕਰਵਾਏ ਗਏ। ਇਸ ਮੌਕੇ ਨਾਦਰੰਗ ਮੰਚ ਪਟਿਆਲਾ ਦੀ ਟੀਮ ਵੱਲੋਂ ਬਲਵਿੰਦਰ ਬੁਲਟ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਬਾਬਾ ਕਹਿੰਦਾ ਹੈ’ ਅਤੇ ‘ਰਾਜਨੀਤਿਕ ਕਤਲ’ ਖੇਡਿਆ ਗਿਆ। ਇਸ ਤੋਂ ਇਲਾਵਾ ਕਵਿਤਾਵਾਂ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਬਲਵਿੰਦਰ ਬੁਲਟ ਅਤੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਆਖਿਆ ਕਿ ਨਾਦਰੰਗ ਮੰਚ ਪਟਿਆਲਾ ਦੀ ਟੀਮ ਸੰਜੀਦਾ ਨਾਟਕਾਂ ਨਾਲ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ। ਸਾਨੂੰ ਸਭ ਨੂੰ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਆਪਣੀ ਜ਼ਿੰਮੇਵਾਰੀ ਪਹਿਚਾਨਣੀ ਪਵੇਗੀ। ਹੁਣ ਵੇਲਾ ਬਹੁਤ ਸੋਚ ਸਮਝ ਕੇ ਚੱਲਣ ਦਾ ਹੈ। ਨੌਜਵਾਨ ਇਸ ਅੰਦੋਲਨ ਨੁੂੰ ਸ਼ਾਂਤਮਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ। ਇਸ ਮੌਕੇ ਪ੍ਰੋ. ਤਰਨਜੀਤ ਕੌਰ, ਪ੍ਰੋ. ਸਰਬਜੀਤ ਕੌਰ ਵਿਰਕ, ਡਾ. ਪਦਮਨੀ ਤੋਮਰ, ਡਾ. ਰੋਹਿਤ ਕੁਮਾਰ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।