ਗੁਰਿੰਦਰ ਸਿੰਘ
ਲੁਧਿਆਣਾ, 3 ਜੁਲਾਈ
ਸਥਾਨਕ ਚੀਮਾ ਚੌਕ ਸਥਿਤ ਆਰ ਕੇ ਰੋਡ ਨੇੜੇ ਇਕ ਟਾਇਰ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ। ਪੰਜਾਬ ਦੀ ਪ੍ਰਮੁੱਖ ਟਾਇਰ ਫੈਕਟਰੀ ਹਿੰਦੁਸਤਾਨ ਟਾਇਰ ਫੈਕਟਰੀ ਵਿੱਚ ਅੱਗ ਤੜਕੇ ਚਾਰ ਵਜੇ ਦੇ ਕਰੀਬ ਲੱਗੀ ਅਤੇ ਜਲਦੀ ਹੀ ਹਰ ਪਾਸੇ ਫੈਲ ਗਈ। ਅੱਗ ਲੱਗਣ ਸਮੇਂ ਫੈਕਟਰੀ ਅੰਦਰ ਭਾਰੀ ਮਾਤਰਾ ਵਿੱਚ ਤਿਆਰ ਮਾਲ ਤੋਂ ਇਲਾਵਾ ਕੱਚਾ ਮਾਲ ਵੀ ਪਿਆ ਸੀ, ਜਿਸ ਕਾਰਨ ਅੱਗ ਜਲਦੀ ਫੈਲੀ।
ਨਗਰ ਨਿਗਮ ਦੇ ਫਾਇਰ ਬ੍ਰਿਗੇਡ ਨੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਮੌਕੇ ’ਤੇ ਪੁੱਜ ਕੇ ਬਚਾਅ ਕਾਰਵਾਈਆਂ ਸ਼ੁਰੂ ਕੀਤੀਆਂ ਅਤੇ 100 ਦੇ ਕਰੀਬ ਪਾਣੀ ਦੀਆਂ ਗੱਡੀਆਂ ਨੇ ਜੱਦੋ-ਜਹਿਦ ਤੋਂ ਬਾਅਦ 9 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਜਸਵਿੰਦਰ ਭੰਗੂ ਨੇ ਦੱਸਿਆ ਹੈ ਕਿ ਨਗਰ ਨਿਗਮ ਦੇ ਅਮਲੇ ਨੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਪਏ ਟਾਇਰਾਂ ਅਤੇ ਟਿਊਬਾਂ ਕਾਰਨ ਅੱਗ ਜਲਦੀ ਫੈਲ ਗਈ, ਜਿਸ ਕਾਰਨ ਅਮਲੇ ਨੂੰ ਸਖ਼ਤ ਮਿਹਨਤ ਕਰਨੀ ਪਈ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। ਟਾਇਰ ਫੈਕਟਰੀ ਦੇ ਪ੍ਰਬੰਧਕਾਂ ਅਨੁਸਾਰ ਅੱਗ ਲੱਗਣ ਕਾਰਨ ਸਿਰਫ਼ ਮਾਲੀ ਨੁਕਸਾਨ ਹੀ ਹੋਇਆ ਹੈ ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਅੱਗ ਲੱਗਣ ਸਮੇਂ ਫੈਕਟਰੀ ਬੰਦ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਅੰਦਰ ਪਈ ਮਸ਼ੀਨਰੀ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।
ਕਿਰਪਾਲ ਨਗਰ ਵਿੱਚ ਹੌਜਰੀ ’ਚ ਅੱਗ ਲੱਗੀ
ਸਥਾਨਕ ਲੁਧਿਆਣਾ-ਜਲੰਧਰ ਰੋਡ ’ਤੇ ਪੈਂਦੇ ਮੁਹੱਲਾ ਕਿਰਪਾਲ ਨਗਰ ਵਿੱਚ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਹੌਜਰੀ ਦੀ ਪਹਿਲੀ ਮੰਜ਼ਿਲ ਵਿੱਚ ਪਏ ਸਾਮਾਨ ਨੂੰ ਅੱਗ ਲੱਗ ਗਈ। ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕਿ ਕਰੀਬ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਲੋਕਾਂ ਦਾ ਕਹਿਣਾ ਸੀ ਕਿ ਹੌਜਰੀ ਵਿੱਚ ਕਾਫੀ ਸਾਮਾਨ ਤਿਆਰ ਕਰਕੇ ਰੱਖਿਆ ਹੋਇਆ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ। ਇਸ ਅੱਗ ਨੇ ਹੌਜਰੀ ਦੇ ਸਾਮਾਨ ਦੇ ਨਾਲ ਨਾਲ ਉੱਥੇ ਪਈਆਂ ਮਹਿੰਗੀਆਂ ਮਸ਼ੀਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ।