ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਜੁਲਾਈ
ਆਸ਼ਾ ਵਰਕਰਜ਼ ਅਤੇ ਫ਼ੈਸਿਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦਾ ਇਕ ਵਫ਼ਦ ਸੂਬਾ ਚੇਅਰਪਰਸਨ ਸੁਖਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫ਼ਦ ਨੇ ਕਿਹਾ ਕਿ ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰਾਂ ਦਾ ਕੱਟਿਆ ਗਿਆ ਕਰੋਨਾ ਸਪੈਸ਼ਲ ਭੱਤਾ 2500 ਰੁਪਏ ਜਦੋਂ ਤੱਕ ਮੁੜ ਚਾਲੂ ਨਹੀਂ ਕੀਤਾ ਜਾਂਦਾ, ਕੰਮ ਦਾ ਮੁਕੰਮਲ ਬਾਈਕਾਟ ਰਹੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਜਿਹੜਾ ਅਧਿਕਾਰੀ ਉਨ੍ਹਾਂ ਨੂੰ ਕੰਮ ਲਈ ਮਜਬੂਰ ਕਰੇਗਾ, ਉਸ ਖਿਲਾਫ਼ ਸੰਘਰਸ਼ ਛੇੜ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲਾਂ ਅੰਦਰ ਪ੍ਰਸੂਤਾ ਕੇਸ ਲਿਆਉਣ ਸਮੇਂ ਆਸ਼ਾ ਵਰਕਰਾਂ ਲਈ ਰੈਸਟ ਰੂਮ ਦਾ ਪੱਕੇ ਤੌਰ ’ਤੇ ਪ੍ਰਬੰਧ ਕੀਤਾ ਜਾਵੇ, ਭੱਤੇ ਦੀ ਅਦਾਇਗੀ ਹਰ ਮਹੀਨੇ 10 ਤਰੀਕ ਤੋਂ ਪਹਿਲਾਂ ਕੀਤੀ ਜਾਵੇ ਅਤੇ ਕਿਸੇ ਵੀ ਵਰਕਰ ਨੂੰ ਕਰੋਨਾ ਸਬੰਧੀ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਵਫ਼ਦ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸ਼ਸ਼ੀ ਬਾਲਾ, ਨਸੀਬ ਕੌਰ, ਮਨਜੀਤ ਕੌਰ, ਰਾਜ ਕੁਮਾਰੀ, ਪਰਮਜੀਤ ਕੌਰ, ਮਨਦੀਪ ਕੌਰ, ਰਸ਼ਪਾਲ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ, ਰੂਬੀ ਬਾਲਾ ਆਦਿ ਸ਼ਾਮਲ ਸਨ।