ਖੇਤਰੀ ਪ੍ਰਤੀਨਿਧ
ਬਰਨਾਲਾ, 26 ਜੂਨ
ਫਾਸ਼ੀ ਹਮਲੇ ਵਿਰੋਧੀ ਫਰੰਟ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਅੱਜ 26 ਜੂਨ ਦੇ ਦਿਹਾੜੇ ਨੂੰ ਐਮਰਜੈਂਸੀ ਵਿਰੋਧੀ ਕਾਲਾ ਦਿਵਸ ਮਨਾਉਂਦਿਆਂ ਸਥਾਨਕ ਸਿਵਲ ਹਸਪਤਾਲ ਦੇ ਪਾਰਕ ਵਿੱਚ ਰੈਲੀ ਕਰਕੇ ਸ਼ਹਿਰ ਵਿੱਚੋਂ ਦੀ ਰੋਸ ਮਾਰਚ ਕੱਢਿਆ ਗਿਆ। ਬੁਲਾਰੇ ਨਰਾਇਣ ਦੱਤ, ਡਾ. ਰਾਜਿੰਦਰਪਾਲ, ਖੁਸ਼ੀਆ ਸਿੰਘ, ਭੋਲਾ ਸਿੰਘ ਕਲਾਲਮਾਜਰਾ, ਚਰਨਜੀਤ ਕੌਰ ਤੇ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ 26 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹਕੂਮਤ ਵੱਲੋਂ ਦੇਸ਼ ’ਚ ਐਮਰਜੈਂਸੀ ਲਗਾ ਕੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਦਿੱਤਾ ਗਿਆ ਸੀ। ਇਸੇ ਤਰ੍ਹਾਂ ਅੱਜ ਦੀ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਮੋਦੀ ਹਕੂਮਤ ਵੱਲੋਂ ਅਣ-ਐਲਾਨੀ ਥੋਪੀ ਐਮਰਜੈਂਸੀ ਤੇ ਭਾਜਪਾ-ਆਰ.ਐੱਸ.ਐੱਸ. ਦੀ ਫਿਰਕੂ/ਫਾਸ਼ੀ ਹਨੇਰੀ ਖਿਲਾਫ਼ ਜ਼ਿਲ੍ਹਾ ਪੱਧਰੀ ਰੈਲੀ ਤੇ ਮਾਰਚ ਰਾਹੀਂ ਰੋਹ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਮਾਨਸਾ(ਪੱਤਰ ਪ੍ਰੇਰਕ): ਭਾਜਪਾ ਮੰਡਲ ਮਾਨਸਾ ਵੱਲੋਂ ਪ੍ਰਧਾਨ ਰੋਹਿਤ ਬਾਂਸਲ ਦੀ ਅਗਵਾਈ ਹੇਠ ਦੇਸ਼ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਉਣ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਮੱਖਣ ਲਾਲ ਨੇ ਦੱਸਿਆ ਕਿ 25 ਜੂਨ 1975 ਦੀ ਅੱਧੀ ਰਾਤ ਨੂੰ ਲੋਕਤੰਤਰ ਦੀ ਹੱਤਿਆ ਕਰਦਿਆਂ ਦੇਸ਼ ਵਿੱਚ ਐਮਰਜੈਂਸੀ ਐਲਾਨੀ ਗਈ, ਜੋ 19 ਮਹੀਨੇ ਚੱਲੀ। ਇਸ ਮੌਕੇ ਮਾਧੋ ਮੁਰਾਰੀ ਸ਼ਰਮਾ, ਜੀਵਨ ਜਿੰਦਲ, ਰਮੇਸ਼ ਪਰੋਚਾ, ਵਿਨੋਦ ਕਾਲੀ, ਯਸ਼ਪਾਲ ਕਾਕਾ ਤੇ ਸੁਨੀਲ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਐਮਰਜੈਂਸੀ ਦੀ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਇਆ
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਅੱਜ ਭਾਜਪਾ ਮੰਡਲ ਸ਼ਹਿਣਾ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਅਗਵਾਈ ਹੇਠ ਐਮਰਜੈਂਸੀ ਦੀ ਵਰ੍ਹੇਗੰਢ (25 ਜੂਨ) ਨੂੰ ਕਾਲਾ ਦਿਵਸ ਵਜੋਂ ਮਨਾਇਆ। ਇਸ ਮੌਕੇ ਭਾਜਪਾ ਦੇ ਜਿਲਾ ਆਗੂ ਚਮਕੌਰ ਸਿੰਘ ਸਰੰਦੀ ਅਤੇ ਭਾਜਪਾ ਮੰਡਲ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਰੋਸ ਪ੍ਰਗਟ ਕੀਤਾ ਅਤੇ 1975 ਵਿੱਚ ਲਗਾਈ ਐਮਰਜੈਂਸੀ ਨੂੰ ਲੋਕਤੰਤਰ ਦੇ ਇਤਿਹਾਸ ਵਿੱਚ ਕਾਲਾ ਪੰਨਾ ਦੱਸਿਆ। ਇਸ ਮੌਕੇ ਭਾਜਪਾ ਮੰਡਲ ਸ਼ਹਿਣਾ ਦੇ ਕ੍ਰਿਸ਼ਨ ਗੋਪਾਲ ਵਿੱਕੀ, ਹਰਜੀਤ ਸਿੰਘ ਪਟਵਾਰੀ, ਸੰਜੇ ਸ਼ਰਮਾ, ਸੁਖਵਿੰਦਰ ਸਿੰਘ ਸਮਨੀ, ਕੁਲਦੀਪ ਸਿੰਘ ਮਾਣਕ, ਗੁਰਸੇਵਕ ਸਿੰਘ ਸਹੋਤਾ ਸਮੇਤ ਹੋਰ ਵਰਕਰਾਂ ਨੇ ਕਾਂਗਰਸ ਪਾਰਟੀ ਅਤੇ ਐਮਰਜੈਂਸੀ ਦੇ ਵਿਰੋਧ ਵਿੱਚ ਨਾਅਰੇ ਲਗਾਏ।