ਹਰਦੀਪ ਸਿੰਘ ਸੋਢੀ
ਧੂਰੀ, 19 ਅਕਤੂਬਰ
ਕੇਂਦਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਵੱਖ-ਵੱਖ ਕਿਸਾਨੀ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਪਰ ਧਰਨੇ ਲਾ ਕੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ। ਪਰ ਇਨ੍ਹਾਂ ਧਰਨਿਆਂ ਦਾ ਅਸਰ ਆਮ ਲੋਕਾਂ ਉੱਪਰ ਪੈਣਾ ਸ਼ੁਰੂ ਹੋ ਗਿਆ ਹੈ। ਧੂਰੀ ਤੋਂ ਸੰਗਰੂਰ ਨੂੰ ਜਾਂਦੇ ਸਮੇਂ ਮੁੱਖ ਮਾਰਗ ’ਤੇ ਲੱਗੇ ਧਰਨੇ ਨੇ ਆਮ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਕਰ ਦਿੱਤਾ ਹੈੇ। ਲੋਕਾਂ ਵੱਲੋਂ ਧੂਰੀ ਤੇ ਸੰਗਰੂਰ ਨੂੰ ਜਾਣ ਵਾਸਤੇ ਬੇਨੜਾ ਵਿੱਚੋਂ ਦੀ ਲੰਘਦੀ ਲਿੰਕ ਰੋਡ ਦਾ ਸਹਾਰਾ ਲਿਆ ਜਾ ਰਿਹਾ। ਇਹ ਸੜਕ ਕਾਫੀ ਤੰਗ ਹੋਣ ਕਾਰਨ ਇਸ ’ਤੇ ਵਾਹਨਾਂ ਦੀ ਲੰਮੀ ਲਾਈਨ ਲੱਗੀ ਰਹਿੰਦੀ ਹੈ। ਲੋਕਾਂ ਦੀ ਮੰਗ ਹੈ ਕਿ ਇਹ ਧਰਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਅੱਗੇ ਲਾਏ ਜਾਣ। ਕਿਸਾਨ ਆਗੂ ਕਿਰਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਖੇਤੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਆਮ ਲੋਕਾਂ ਦੀਆਂ ਮੁਸਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਧਰਨੇ ਲੱਗੇ ਹਨ ਤੇ ਇਹ ਉਸ ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਆਰਡੀਨੈਂਸ ਵਾਪਸ ਨਹੀਂ ਲੈ ਲੈਂਦੀ।