ਨਿਜੀ ਪੱਤਰ ਪੇ੍ਰਕ/ ਪੱਤਰ ਪ੍ਰੇਰਕ
ਸੰਗਰੂਰ/ਮਸਤੂਆਣਾ ਸਾਹਿਬ 30 ਜਨਵਰੀ
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਮਾਲਵੇ ਦੀ ਪਵਿੱਤਰ ਧਰਤੀ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਲੱਗਣ ਵਾਲੇ ਤਿੰਨ ਦਿਨਾਂ ਇਤਿਹਾਸਕ ਜੋੜ ਮੇਲੇ ਦੇ ਪਹਿਲੇੇ ਦਿਨ ਪੰਜ ਸਾਲ ਦੀ ਤਰ੍ਹਾਂ ਸਥਾਨਕ ਗੁਰਦੁਆਰਾ ਸਾਹਿਬ ਜੋਤੀ ਸਰੂਪ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਵਿੱਦਿਆ ਦਾਨੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 94ਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਅਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਅਕਾਲ ਕਾਲਜ ਕੌਂਸਲ ਅਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਗੁਰਦੁਆਰਾ ਅਕਾਲ ਬੁੰਗਾ ਸਾਹਿਬ ਅਤੇ ਗੁਰਦੁਆਰਾ ਮਾਤਾ ਭੋਲੀ ਜੀ ਵਿਖੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਅਰੰਭਤਾ ਨਾਲ ਸ਼ੁਰੂ ਹੋ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ। ਗੁਰਦੁਆਰਾ ਸਾਹਿਬ ਜੋਤੀ ਸਰੂਪ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਸ਼ਹਿਰ ਤੋਂ ਬਡਰੁੱਖਾਂ ਤੱਕ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਉਪਰ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨ ਦਿੱਤਾ ਗਿਆ। ਵੱਡੀ ਤਾਦਾਦ ’ਚ ਸੰਗਤਾਂ ਨਗਰ ਕੀਰਤਨ ਦੇ ਅੱਗੇ ਸਫ਼ਾਈ ਅਤੇ ਪਾਣੀ ਦੇ ਛਿੜਕਾਓ ਦੀ ਸੇਵਾ ਕਰਨ ਵਿੱਚ ਜੁਟੀਆਂ ਹੋਈਆਂ ਸਨ। ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਕੀਤੇ ਜਾ ਰਹੇ ਸਨ। ਸੰਗਤਾਂ ਨਾਲੋਂ ਨਾਲ ਗੁਰਬਾਣੀ ਦੇ ਜਾਪ ਕਰ ਰਹੀਆਂ ਸਨ। ਗੱਤਕਾ ਪਾਰਟੀਆਂ ਵਲੋਂ ਗੱਤਕੇ ਦੇ ਕਰਤੱਵ ਵਿਖਾਏ ਜਾ ਰਹੇ ਸਨ। ਪੁਲੀਸ ਲਾਈਨ ਅੱਗੇ ਜਿਥੇ ਪੰਜਾਬ ਪੁਲੀਸ ਵਲੋਂ ਲੰਗਰ ਲਗਾਏ ਗਏ ਹਨ ਉਥੇ ਪੁਲੀਸ ਅਧਿਕਾਰੀਆਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਬਡਰੁੱਖਾਂ ਤੱਕ ਸੰਗਤਾਂ ਵਾਸਤੇ ਲੰਗਰ ਵਰਤਾਏ ਜਾ ਰਹੇ ਸਨ। ਪੁਲੀਸ ਵਲੋਂ ਨਗਰ ਕੀਰਤਨ ਦੇ ਮੱਦੇਨਜ਼ਰ ਟਰੈਫ਼ਿਕ ਨੂੰ ਸੰਗਰੂਰ ਤੋਂ ਬਡਰੁੱਖਾਂ ਤੱਕ ਬੰਦ ਕਰਕੇ ਸ਼ਹਿਰ ਤੋਂ ਬਾਹਰਵਾਰ ਵਾਇਆ ਜ਼ੀਰਕਪੁਰ-ਬਠਿੰਡਾ ਬਾਈਪਾਸ ਡਾਈਵਰਟ ਕੀਤਾ ਹੋਇਆ ਸੀ।