ਮੁਕੇਸ਼ ਕੁਮਾਰ
ਚੰਡੀਗੜ੍ਹ, 31 ਮਾਰਚ
ਇੱਥੇ ਡੱਡੂਮਾਜਰਾ ਸਥਿਤ ਗਾਰਬੇਜ ਪ੍ਰੋਸੈਸਿੰਗ ਪਲਾਂਟ ਅਤੇ ਡੰਪਿੰਗ ਗਰਾਊਂਡ ਵਿੱਚ ਪਏ ਕੂੜੇ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਪੂਰੇ ਸ਼ਹਿਰ ਵਿੱਚ ਧੂੰਆਂ ਫੈਲ ਗਿਆ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਅਤੇ ਕਈਆਂ ਦੀ ਤਬੀਅਤ ਵੀ ਵਿਗੜ ਗਈ। ਜਾਣਕਾਰੀ ਮੁਤਾਬਕ ਅੱਜ ਗਾਰਬੇਜ ਪ੍ਰੋਸੈਸਿੰਗ ਪਲਾਂਟ ਅਤੇ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਢੇਰ ਨੂੰ ਦੁਪਹਿਰ ਅਚਾਨਕ ਅੱਗ ਲੱਗ ਗਈ।
ਤੇਜ਼ ਹਵਾ ਕਾਰਨ ਅੱਗ ਇੱਕਦਮ ਕੂੜੇ ਦੇ ਢੇਰਾਂ ਵਿੱਚ ਫੈਲ ਗਈ ਅਤੇ ਅਸਮਾਨ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ। ਹਵਾ ਦੇ ਰੁਖ਼ ਨਾਲ ਅੱਗ ਲੱਗਣ ਤੋਂ ਬਾਅਦ ਧੂੰਆਂ ਚੰਡੀਗੜ੍ਹ ਸ਼ਹਿਰ ਸਮੇਤ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ।
ਜ਼ਿਕਰਯੋਗ ਹੈ ਕਿ ਡੰਪਿੰਗ ਗਰਾਊਂਡ ਵਿੱਚ ਇਸੇ ਮਹੀਨੇ ਪਹਿਲਾਂ ਵੀ ਅੱਗ ਲੱਗੀ ਸੀ। ਅੱਜ ਅੱਗ ਲੱਗਣ ਤੋਂ ਬਾਅਦ ਫੈਲੇ ਧੂੰਏਂ ਕਾਰਨ ਡੰਪਿੰਗ ਗਰਾਊਂਡ ਦੀ ਮੁੱਖ ਸੜਕ ’ਤੇ ਵਾਹਨਾਂ ਦਾ ਜਾਮ ਲੱਗ ਗਿਆ ਜਿਸਨੂੰ ਬਾਅਦ ਵਿੱਚ ਪੁਲੀਸ ਨੇ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ। ਡੰਪਿੰਗ ਗਰਾਊਂਡ ਵਿੱਚ ਲੱਗੀ ਅੱਗ ਦਾ ਧੂੰਆਂ ਹਵਾ ਦੇ ਰੁਖ ਨਾਲ ਸ਼ਹਿਰ ਦੇ ਸੈਕਟਰ 17 ਸਮੇਤ ਹੋਰ ਆਸ-ਪਾਸ ਦੇ ਇਲਾਕਿਆਂ ਤੱਕ ਵੀ ਪਹੁੰਚ ਗਿਆ। ਅੱਗ ਲੱਗਣ ਕਾਰਨ ਨਾਲ ਲੱਗਦੀ ਡੱਡੂ ਮਾਜਰਾ ਦੀ ਰਿਹਾਇਸ਼ੀ ਕਲੋਨੀ ਵਿੱਚ ਵੀ ਧੂੰਏ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਅਤੇ ਜਾਣਕਾਰੀ ਮੁਤਾਬਿਕ ਕਈ ਲੋਕਾਂ ਦੀ ਤਬੀਅਤ ਵੀ ਖਰਾਬ ਹੋ ਗਈ।
ਚੰਡੀਗੜ੍ਹ ਸ਼ਹਿਰ ਨੂੰ ‘ਸਮਾਰਟ ਸਿਟੀ’ ਬਣਾਉਣ ਲਈ ਪੱਬਾਂ ਭਾਰ ਨਗਰ ਨਿਗਮ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਇਸ ਡੰਪਿੰਗ ਗਰਾਊਂਡ ਦੀ ਸਮੱਸਿਆ ਦਾ ਅੱਜ ਤੱਕ ਕੋਈ ਠੋਸ ਹੱਲ ਨਹੀਂ ਕੱਢ ਸਕਿਆ।
ਡੰਪਿੰਗ ਗਰਾਊਂਡ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਮੰਗ
ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਦਿਆਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਇਲਾਕਾ ਵਾਸੀ ਡੰਪਿੰਗ ਗਰਾਊਂਡ ਨੂੰ ਸ਼ਿਫਟ ਕਰਨ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਂਡ ਨੂੰ ਲੈ ਕੇ ਨਗਰ ਨਿਗਮ ਹਾਊਸ ਦੀਆਂ ਮੀਟਿੰਗਾਂ ਵਿੱਚ ਕਾਂਗਰਸ ਅਤੇ ਭਾਜਪਾ ਕੌਂਸਲਰ ਆਪਸ ਵਿੱਚ ਕੇਵਲ ਰਾਜਨੀਤੀ ਹੀ ਕਰਦੇ ਰਹੇ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਡੰਪਿੰਗ ਗਰਾਊਂਡ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ।