ਨਵੀਂ ਦਿੱਲੀ, 15 ਨਵੰਬਰ
ਭਾਜਪਾ ਆਗੂ ਜਯੰਤ ਸਿਨਹਾ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਸੋਮਵਾਰ ਨੂੰ ਕਿ੍ਪਟੋ ਵਿੱਤ ਅਤੇ ਕਿ੍ਪਟੋ ਕਰੰਸੀ ਦੇ ਗੁਣ ਦੋਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕਈ ਮੈਂਬਰ ਕ੍ਰਿਪਟੋ ਕਰੰਸੀ ’ਤੇ ਪਾਬੰਦੀ ਲਗਾਉਣ ਦੀ ਥਾਂ ਇਸ ਨੂੰ ਬਾਜ਼ਾਰ ਵਿੱਚ ਲਿਆਉਣ ਦੇ ਪੱਖ ਵਿੱਚ ਹਨ। ਸੂਤਰਾਂ ਅਨੁਸਾਰ ਇਹ ਮੀਟਿੰਗ ਕ੍ਰਿਪਟੋ ਕਰੰਸੀ ਸਬੰਧੀ ਵੱਖ ਵੱਖ ਵਰਗਾਂ ਵਿੱਚ ਵਧਦੀ ਚਿੰਤਾ ਅਤੇ ਉਸ ਵਿੱਚ ਵਪਾਰ ਨੂੰ ਦਰਪੇਸ਼ ਸੰਭਾਵਿਤ ਜੋਖ਼ਮਾਂ ਦੇ ਪਿਛੋਕੜ ਦੇ ਮੱਦੇਨਜ਼ਰ ਕੀਤੀ ਗਈ, ਖਾਸਕਰ ਜਦ ਤੋਂ ਵਿਸ਼ਵ ਵਿੱਚ ਅਜਿਹੀ ਸੰਪਤੀ ਵਿੱਚ ਲੋਕਾਂ ਦੀ ਰੁਚੀ ਵਧ ਰਹੀ ਹੈ। ਮੌਜੂਦਾ ਸਮੇਂ ਵਿੱਚ ਮੁਲਕ ਵਿੱਚ ਨਾ ਤਾਂ ਇਸ ਸਬੰਧੀ ਵਿਸ਼ੇਸ਼ ਨਿਯਮ ਹਨ ਅਤੇ ਨਾ ਹੀ ਕ੍ਰਿਪਟੋ ਕਰੰਸੀ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ। ਮੀਟਿੰਗ ਵਿੱਚ ਕਿ੍ਪਟੋ ਐਕਸਚੇਂਜਾਂ ਦੇ ਪ੍ਰਤੀਨਿਧਾਂ, ਬਲਾਕ ਚੇਨ ਅਤੇ ਕਿ੍ਪਟੋ ਅਸੈਟਸ ਕੌਂਸਲ, ਉਦਯੋਗਿਕ ਇਕਾਈਆਂ ਦੇ ਨਾਲ ਨਾਲ ਸਿੱਖਿਆ ਸ਼ਾਸਤਰੀਆਂ ਅਤੇ ਇਸ ਨਾਲ ਸਬੰਧਤ ਹੋਰਨਾਂ ਲੋਕਾਂ ਨੇ ਮੀਟਿੰਗ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ। ਕਾਬਿਲੇਗੌਰ ਹੈ ਕਿ ਸਮਿਤੀ ਦੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਪਟੋ ਕਰੰਸੀ ਦੇ ਮੁੱਦੇ ’ਤੇ ਵੱਖ ਵੱਖ ਮੰਤਰਾਲਿਆਂ ਅਤੇ ਰਿਜ਼ਰਵ ਬੈਂਕ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। –ਏਜੰਸੀ