ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਅਕਤੂਬਰ
ਆਗਾਮੀ ਪੰਚਾਇਤੀ ਚੋਣਾਂ ਵਿਚ ਔਰਤਾਂ ਲਈ ਕੋਈ ਰਾਖਵੀਂ ਸੀਟ ਨਾ ਹੋਣ ’ਤੇ ਰਾਮਪੁਰ ਪਿੰਡ ਦੀਆਂ ਔਰਤਾਂ ਨੇ ਅੱਜ ਬੀਡੀਪੀਓ ਸਾਹਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਕਰ ਰਹੀ ਸੋਨੀਆ ਨੇ ਕਿਹਾ ਕਿ ਉਹ ਵੀ ਦੇਸ਼ ਦੀਆਂ ਨਾਗਰਿਕ ਹਨ ਅਤੇ ਪਿੰਡ ਦੀ ਸੇਵਾ ਲਈ ਕੁਝ ਕਰਨਾ ਚਾਹੁੰਦੀਆਂ ਹਨ ਪਰ ਇੰਨੇ ਸਾਲਾਂ ਤੋਂ ਵਾਗਡੋਰ ਪੁਰਸ਼ਾਂ ਦੇ ਹੱਥ ਵਿਚ ਹੀ ਹੈ। ਸੋਨੀਆ ਨੇ ਕਿਹਾ ਕਿ ਪਿਛਲੇ 28 ਸਾਲਾਂ ਤੋਂ ਰਾਮਪੁਰ ਪਿੰਡ ਦੀ ਪੰਚਾਇਤ ਲਈ ਮਹਿਲਾਵਾਂ ਲਈ ਕੋਈ ਸੀਟ ਰਾਖਵੀਂ ਨਹੀਂ ਕੀਤੀ ਗਈ। ਉਹ ਕਈ ਵਾਰ ਸਰਕਾਰ ਨੂੰ ਲਿਖ ਚੁੱਕੀਆਂ ਹਨ ਪਰ ਸਰਕਾਰ ਨੇ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦੋ ਕੁ ਸਾਲ ਪਹਿਲਾਂ ਸਰਕਾਰ ਦਾ ਇੱਕ ਨੋਟਿਸ ਆਇਆ ਸੀ ਜੋ ਫਿਰ ਬਦਲ ਗਿਆ। ਸੋਨੀਆ ਨੇ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਪਿੰਡ ਦੀਆਂ ਔਰਤਾਂ ਪੰਚਾਇਤੀ ਚੋਣ ਅਤੇ ਫਿਰ ਰਾਜ ਸਭਾ ਚੋਣ ਦਾ ਬਾਈਕਾਟ ਕਰਨਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਲਈ ਵੀ ਕੁਝ ਹੋਣਾ ਚਾਹੀਦਾ ਹੈ ਪਰ ਸਰਕਾਰ ਇਸ ਬਾਰੇ ਨਹੀਂ ਸੋਚ ਰਹੀ।