ਨਵੀਂ ਦਿੱਲੀ: ਛੋਟੀਆਂ ਬੱਚਤਾਂ ਯੋਜਨਾਵਾਂ ਜ਼ਰੀਏ ਨਿਵੇਸ਼ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਝਟਕਾ ਦੇ ਦਿੱਤਾ ਹੈ। ਸਰਕਾਰ ਨੇ ਅੱਜ ਛੋਟੀਆਂ ਬੱਚਤਾਂ ਯੋਜਨਾਵਾਂ ਉਤੇ ਵਿਆਜ ਦਰ ਘਟਾਉਣ ਦਾ ਫ਼ੈਸਲਾ ਲਿਆ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਛੋਟੀਆਂ ਬੱਚਤਾਂ ਯੋਜਨਾਵਾਂ ’ਤੇ ਵਿਆਜ ਦਰ 1.1 ਫ਼ੀਸਦ ਤੱਕ ਘਟਾਈ ਗਈ ਹੈ। ਨਵੀਆਂ ਦਰਾਂ ਪਹਿਲੀ ਅਪਰੈਲ, 2021 ਤੋਂ ਲਾਗੂ ਹੋਣਗੀਆਂ। ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਜ਼ਰੀਏ ਨਿਵੇਸ਼ ਕਰਨ ਵਾਲਿਆਂ ਨੂੰ ਵੀ ਮਾਯੂਸੀ ਮਿਲੀ ਹੈ। ਇਸ ਦੇ ਵਿਆਜ ਦਰ ਵਿਚ 70 ਬੇਸਿਕ ਪੁਆਇੰਟ ਦੀ ਕਟੌਤੀ ਕੀਤੀ ਗਈ ਹੈ। ਹੁਣ ਤੱਕ ਇਸ ਉਤੇ 7.1 ਫ਼ੀਸਦ ਸਾਲਾਨਾ ਵਿਆਜ ਮਿਲ ਰਿਹਾ ਸੀ, ਜੋ ਕਿ ਘਟਾ ਕੇ 6.4 ਫ਼ੀਸਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜ ਸਾਲ ਦੀ ਨੈਸ਼ਨਲ ਸੇਵਿੰਗ ਸਕੀਮ ’ਤੇ ਮਿਲਣ ਵਾਲੀ ਵਿਆਜ ਦਰ ਵਿਚ 90 ਬੇਸਿਕ ਪੁਆਇੰਟ ਦੀ ਕਮੀ ਆਈ ਹੈ। ਪਹਿਲਾਂ ਇਸ ਉਤੇ 6.8 ਫ਼ੀਸਦ ਵਿਆਜ ਮਿਲਦਾ ਸੀ। ਹੁਣ ਘਟਾ ਕੇ 5.9 ਫ਼ੀਸਦ ਰਹਿ ਗਿਆ ਹੈ।
ਪੰਜ ਸਾਲਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ’ਤੇ ਵੀ ਵਿਆਜ ਦਰ ਘਟ ਕੇ 6.5 ਪ੍ਰਤੀਸ਼ਤ ਰਹਿ ਗਈ ਹੈ। ਬੱਚੀਆਂ ਦੀ ਸਿੱਖਿਆ ਤੇ ਉਨ੍ਹਾਂ ਦੀ ਸ਼ਾਦੀ ਲਈ ਸ਼ੁਰੂ ਕੀਤੀ ਗਈ ‘ਸੁਕੰਨਿਆ ਸਮ੍ਰਿਧੀ ਯੋਜਨਾ’ ਦੀ ਵਿਆਜ ਦਰ ਵਿਚ ਕਟੌਤੀ ਕੀਤੀ ਗਈ ਹੈ। ਹੁਣ ਤੱਕ ਇਸ ਯੋਜਨਾ ’ਤੇ 7.6 ਫ਼ੀਸਦ ਸਾਲਾਨਾ ਵਿਆਜ ਮਿਲਦਾ ਸੀ ਜੋ ਕਿ ਹੁਣ ਘੱਟ ਕੇ 6.9 ਫ਼ੀਸਦ ਰਹਿ ਗਿਆ ਹੈ। -ਪੀਟੀਆਈ