ਰਵੇਲ ਸਿੰਘ ਭਿੰਡਰ
ਪਟਿਆਲਾ, 3 ਜੁਲਾਈ
ਸੂਬੇ ਵਿੱਚ ਕੁਝ ਥਾਵਾਂ ’ਤੇ ਪਏ ਹਲਕੇ ਮੀਂਹ ਨੇ ਪਾਵਰਕੌਮ ਨੂੰ ਵੱਡੀ ਰਾਹਤ ਦਿੱਤੀ ਹੈ। ਮੀਂਹ ਕਾਰਨ ਬਿਜਲੀ ਦੀ ਮੰਗ ਕਰੀਬ ਦੋ ਹਜ਼ਾਰ ਮੈਗਾਵਾਟ ਘਟ ਗਈ ਹੈ। ਅਜਿਹੇ ਮਾਹੌਲ ਮਗਰੋਂ ਅਦਾਰੇ ਨੇ ਬਿਜਲੀ ਕੱਟਾਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਬਿਜਲੀ ਦੀ ਮੰਗ 14,500 ਮੈਗਾਵਾਟ ਦੇ ਨੇੜੇ ਸੀ ਪਰ ਅੱਜ ਇਹ ਮੰਗ ਔਸਤਨ 12,500 ਮੈਗਾਵਾਟ ਸੀ। ਪਾਵਰਕੌਮ ਦੇ ਡਾਇਰੈਕਟਰ ਇੰਜਨੀਅਰ ਡੀਆਈਪੀ ਸਿੰਘ ਗਰੇਵਾਲ ਨੇ ਦੱਸਿਆ ਕਿ ਲੰਘੀ ਰਾਤ ਅਤੇ ਅੱਜ ਦਿਨੇ ਅੰਮ੍ਰਿਤਸਰ, ਗੁਰਦਾਸਪੁਰ, ਖੰਨਾ, ਲੁਧਿਆਣਾ, ਹੁਸ਼ਿਆਰਪੁਰ, ਫਰੀਦਕੋਟ ਤੇ ਬਠਿੰਡਾ ਵਿੱਚ ਕੁਝ ਥਾਵਾਂ ’ਤੇ ਪਏ ਮੀਂਹ ਮਗਰੋਂ ਬਿਜਲੀ ਦੀ ਮੰਗ ’ਚ ਕਰੀਬ ਦੋ ਹਜ਼ਾਰ ਮੈਗਾਵਾਟ ਘਟ ਗਈ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਇੱਕ ਵਾਰ ਤਾਂ ਬਿਜਲੀ ਦੀ ਮੰਗ 6500 ਮੈਗਾਵਾਟ ਤੱਕ ਘਟ ਗਈ ਸੀ। ਮੌਸਮ ਦੇ ਬਦਲੇ ਮਿਜ਼ਾਜ ਮਗਰੋਂ ਬਿਜਲੀ ਕੱਟ ਵੀ ਘਟੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਸੰਕਟ ਕਰਕੇ ਲਏ ਗਏ ਫ਼ੈਸਲੇ ਤਹਿਤ ਸਨਅਤਾਂ ਦੇ ਬਿਜਲੀ ਕੱਟ ਅੱਜ ਤੱਕ ਹੀ ਸਨ ਪਰ ਜੇਕਰ ਲੋੜ ਪਈ ਤਾਂ ਮੁੜ ਸੋਮਵਾਰ ਤੋਂ ਬਦਲਵੇਂ ਜ਼ੋਨਾਂ ਸਾਊਥ, ਬਾਰਡਰ ਤੇ ਵੈਸਟ ’ਚ ਤਿੰਨ ਰੋਜ਼ਾ ਹਫਤਾਵਰੀ ਕੱਟ ਲਗਾਇਆ ਜਾ ਸਕਦਾ ਹੈ।
ਇੰਜਨੀਅਰ ਗਰੇਵਾਲ ਨੇ ਦੱਸਿਆ ਕਿ ਲੰਘੀ ਰਾਤ ਰੋਪੜ ਪਲਾਂਟ ਦਾ ਬੰਦ ਯੂਨਿਟ ਕਿਰਿਆਸ਼ੀਲ ਹੋਣ ਨਾਲ ਅਦਾਰੇ ਨੂੰ ਡੇਢ ਸੌ ਮੈਗਾਵਾਟ ਬਿਜਲੀ ਵਾਧੂ ਮਿਲਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਦਫ਼ਤਰਾਂ ’ਚ ਏਸੀ ਬੰਦ ਰੱਖਣ ਦਾ ਫ਼ੈਸਲਾ ਲਾਗੂ ਰਹੇਗਾ।
ਬਿਜਲੀ ਪ੍ਰਬੰਧ ਠੀਕ ਕਰਨ ਲਈ ਸਰਕਾਰ ਨੂੰ ਭਲਕ ਤੱਕ ਦਾ ਅਲਟੀਮੇਟਮ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਬਿਜਲੀ ਸੰਕਟ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ 5 ਜੁਲਾਈ ਤੱਕ ਬਿਜਲੀ ਦਾ ਪ੍ਰਬੰਧ ਠੀਕ ਨਾ ਕੀਤਾ ਗਿਆ ਤਾਂ ਪਟਿਆਲਾ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਦੇ ਹੈੱਡਕੁਆਰਟਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀਆਂ ਦੀ ਆਪਸੀ ਲੜਾਈ ਨੇ ਕਿਸਾਨੀ ਖੇਤਰ ਨੂੰ ਬਰਬਾਦ ਕਰ ਦਿੱਤਾ ਹੈ। ਬਿਜਲੀ ਦਾ ਮਸਲਾ ਹੱਲ ਕਰਨ ਦੀ ਥਾਂ ਉਹ ਆਪੋ-ਆਪਣੀਆਂ ਕੁਰਸੀਆਂ ਬਚਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਪਾਣੀਆਂ ਦੀ ਧਰਤੀ ’ਤੇ ਆਏ ਬਿਜਲੀ ਸੰਕਟ ਲਈ ਬਿਜਲੀ ਤੇ ਸਿੰਜਾਈ ਵਿਭਾਗ ਵੀ ਜ਼ਿੰਮੇਵਾਰ ਹਨ। ਉਨ੍ਹਾਂ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਦੀ ਵੀ ਨਿਖੇਧੀ ਕੀਤੀ।