ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 3 ਜੁਲਾਈ
ਪੰਜਾਬ ’ਚ ਅਤਿ ਦੀ ਗਰਮੀ ਦੌਰਾਨ ਲੱਗ ਰਹੇ ਬਿਜਲੀ ਕੱਟਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ-ਪੜੌਲ ਮਾਰਗ ਉਤੇ ਬਣੇ ਫਾਰਮ ਹਾਊਸ ਨੂੰ ਘੇਰਨ ਜਾਂਦੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ’ਤੇ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲੀਸ ਦੀ ਇਸ ਕਾਰਵਾਈ ’ਚ ਤਿੰਨ ਵਰਕਰ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਜਾਂਦੀ ਸੜਕ ’ਤੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਸੀ ਅਤੇ ਬਹੁ-ਪਰਤੀ ਬੈਰੀਕੇਡ ਲਗਾਏ ਗਏ ਸਨ। ਵੱਡੀ ਗਿਣਤੀ ’ਚ ‘ਆਪ’ ਵਰਕਰਾਂ ਨੇ ਪਾਰਟੀ ਦੇ ਝੰਡੇ ਲੈ ਕੇ ਪਹਿਲਾ ਬੈਰੀਕੇਡ ਤੋੜ ਦਿੱਤਾ। ਜਦੋਂ ਉਹ ਦੂਜੇ ਬੈਰੀਕੇਡ ਕੋਲ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਮੁੱਖ ਮੰਤਰੀ ਦਾ ਪੁਤਲਾ ਸਾੜਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਮਗਰੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਹੋਰ ਵਾਲੰਟੀਅਰ ਬੈਰੀਕੇੇਡ ਟੱਪਣ ਲਈ ਜ਼ੋਰ ਅਜ਼ਮਾਇਸ਼ ਕਰਦੇ ਰਹੇ। ਪੁਲੀਸ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਸਮੇਤ ਹੋਰ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ‘ਆਪ’ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਵਰਕਰ ਬਿਜਲੀ ਸੰਕਟ ਨੂੰ ਹੱਲ ਕਰਵਾਉਣ ਲਈ ਮੰਗ ਪੱਤਰ ਦੇਣ ਅਤੇ ਲੋਕਾਂ ਦੇ ਦੁਖੜੇ ਦੱਸਣ ਲਈ ਕੈਪਟਨ ਨੂੰ ਮਿਲਣਾ ਚਾਹੁੰਦੇ ਸਨ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਤਾਂ ਚੋਣ ਵਾਅਦੇ ਪੁਗਾਏ ਅਤੇ ਨਾ ਹੀ ਮਾਫ਼ੀਆ ਰਾਜ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਲੋਕ ਮਹਿੰਗੀ ਰੇਤ, ਬਜਰੀ, ਬਿਜਲੀ, ਪੈਟਰੋਲ ਅਤੇ ਡੀਜ਼ਲ ਨਾਲ ਝੰਬੇ ਹੋਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਰੂਪਿੰਦਰ ਕੌਰ ਰੂਪੀ, ਨਰਿੰਦਰ ਸਿੰਘ ਸ਼ੇਰਗਿੱਲ, ਪ੍ਰੋਫੈਸਰ ਬਲਜਿੰਦਰ ਕੌਰ, ਹਰੀਸ਼ ਕੌਸ਼ਲ, ਪਰਮਿੰਦਰ ਸਿੰਘ ਗੋਲਡੀ, ਬਲਕਾਰ ਸਿੰਘ ਸਿੱਧੂ, ਮਾਸਟਰ ਜਗਦੇਵ ਸਿੰਘ ਮਲੋਆ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਬਿਜਲੀ ਸੰਕਟ ਲਈ ਬਾਦਲ ਅਤੇ ਕੈਪਟਨ ਦੋਵੇਂ ਜ਼ਿੰਮੇਵਾਰ: ਭਗਵੰਤ ਮਾਨ
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਸੰਕਟ ਪੈਦਾ ਕਰਨ ਅਤੇ ਲੋਕਾਂ ਦੇ ਹੱਕ ਖੋਹਣ ਲਈ ਬਾਦਲ ਅਤੇ ਕੈਪਟਨ ਦੋਵੇਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਸਾਰ ਲੈਣ ਲਈ ਪੰਜਾਬ ਵਿੱਚ ਕਦੇ ਨਹੀਂ ਗਿਆ। ‘ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਰ ਵਰਗ ਦੇ ਲੋਕ ਸੜਕਾਂ ਉਤੇ ਉਤਰ ਆਏ ਹਨ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਮਗਰੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਜਲੀ ਸਬੰਧੀ 300 ਯੂਨਿਟ ਮੁਆਫ਼ ਕਰਨ ਵਾਲਾ ਕੀਤਾ ਗਿਆ ਵਾਅਦਾ ਸਭ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 2.75 ਕਰੋੜ ਲੋਕਾਂ ਦੇ ਦੁਖੜੇ ਮੁੱਖ ਮੰਤਰੀ ਨੂੰ ਦੱਸਣ ਲਈ ਇਕੱਠੇ ਹੋਏ ਹਨ। ਮਾਨ ਨੇ ਕਿਹਾ ਕਿ ਦੇਸ਼ ’ਚ ਸਭ ਤੋਂ ਵੱਧ ਮਹਿੰਗੀ ਬਿਜਲੀ (10 ਰੁਪਏ ਪ੍ਰਤੀ ਯੂਨਿਟ) ਪੰਜਾਬ ’ਚ ਹੈ। ਸੰਗਰੂਰ ਤੋਂ ਸੰਸਦ ਮੈਂਬਰ ਨੇ ਕੈਪਟਨ ਨੂੰ ਕਿਹਾ ਕਿ ਉਹ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਅਤੇ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਲਈ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨ।