ਮੁੰਬਈ, 15 ਨਵੰਬਰ
ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ (71) ਨੂੰ ਇਥੋਂ ਦੀ ਵਿਸ਼ੇਸ਼ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਨਫੋਰਸਮੈਂਟ ਡਾਇਰੈਕੋਰੇਟ ਨੇ ਦੇਸ਼ਮੁਖ ਨੂੰ ਮੁੜ ਹਿਰਾਸਤ ਵਿੱਚ ਲੈਣ ਲਈ ਅਦਾਲਤ ਨੂੰ ਅਪੀਲ ਕੀਤੀ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਇਸ ਨੇਤਾ ਨੂੰ ਈਡੀ ਨੇ ਪੁੱਛ-ਪੜਤਾਲ ਮਗਰੋਂ ਪਹਿਲੀ ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਹਿਰਾਸਤ ਦੇ ਹੁਕਮ ਖਤਮ ਹੋਣ ਮਗਰੋਂ ਦੇਸ਼ਮੁਖ ਨੂੰ ਅੱਜ ਜਸਟਿਸ ਐੱਚਐੱਸ ਸਾਥਭਾਈ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲ਼ਤ ਨੇ ਦੇਸ਼ਮੁਖ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਕਿਉਂਕਿ ਜਾਂਚ ਏਜੰਸੀ ਨੇ ਉਸ ਦੇ ਖ਼ਿਲਾਫ਼ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਸੀ। -ਪੀਟੀਆਈ