ਚੰਡੀਗੜ੍ਹ, 26 ਜੂਨ
ਕਾਂਗਰਸ ਤੇ ਭਾਜਪਾ ਸਮੇਤ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨੇ ਜਿੱਥੇ ਅੱਜ ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜੇ ਸਵੀਕਾਰ ਕੀਤੇ ਉੱਥੇ ਹੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਤਿੰਨ ਮਹੀਨੇ ਬਾਅਦ ਹੀ ਹਾਕਮ ਧਿਰ ਦੇ ਆਪਣੇ ਹੀ ਗੜ੍ਹ ’ਚ ਹਾਰਨ ’ਤੇ ਉਸ ਨੂੰ ਨਿਸ਼ਾਨੇ ’ਤੇ ਲਿਆ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ‘ਪੰਜਾਬ ’ਚ ਭਗਵੰਤ ਮਾਨ ਤੇ ‘ਆਪ’ ਦੇ ਗੜ੍ਹ ਸੰਗਰੂਰ ’ਚ ਜ਼ੋਰਦਾਰ ਝਟਕਾ ਇੱਕ ਚਿਤਾਵਨੀ ਹੈ ਕਿ ਲੋਕ ਸੰਪਰਕ ਕਦੀ ਵੀ ਚੰਗੇ ਪ੍ਰਸ਼ਾਸਨ ਦਾ ਬਦਲ ਨਹੀਂ ਹੋ ਸਕਦਾ।’ ਬਾਜਵਾ ਨੇ ਟਵੀਟ ਕੀਤਾ, ‘ਸੰਗਰੂਰ ਸੰਸਦੀ ਸੀਟ ਮੁੱਖ ਮੰਤਰੀ, ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦਾ ਘਰੇਲੂ ਇਲਾਕਾ ਹੈ।’ ਇੱਕ ਹੋਰ ਟਵੀਟ ’ਚ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਤਿੰਨ ਮਹੀਨੇ ਅੰਦਰ ਜ਼ਿਮਨੀ ਚੋਣ ’ਚ ‘ਆਪ’ ਸਰਕਾਰ ਦੀ ਹਾਰ ਉਨ੍ਹਾਂ ਦੇ ਮਾੜੇ ਪ੍ਰਸ਼ਾਸਨ ਤੇ ਫੋਕੇ ਦਾਅਵਿਆਂ ਦੀ ਇੱਕ ਵਸੀਅਤ ਹੈ। ਉਨ੍ਹਾਂ ਕਿਹਾ, ‘ਇਹ ਪੰਜਾਬ ਵੱਲੋਂ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਲਈ ਇੱਕ ਸੁਨੇਹਾ ਹੈ ਕਿ ਪੰਜਾਬ ਨੂੰ ਰਿਮੋਟ ਨਾਲ ਕੰਟਰੋਲ ਕਰਨ ਦੀ ਆਪਣੀ ਰਾਜਨੀਤੀ ਬੰਦ ਕਰਨ ਤੇ ਆਪਣੇ ਹਿੱਤਾਂ ਲਈ ਦੀ ਰਾਖੀ ਲਈ ਇਸ ਨੂੰ ਆਪਣੀ ਕਲੋਨੀ ਵਜੋਂ ਦੇਖਣਾ ਬੰਦ ਕਰਨ।’ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਾਂ ਨੇ ਆਪਣਾ ਫ਼ੈਸਲਾ ਸੁਣਾਇਆ ਤੇ ਸੂਬੇ ’ਚ ਹਾਕਮ ਧਿਰ ਨੂੰ ਖਾਰਜ ਕਰ ਦਿੱਤਾ ਜਿੱਥੇ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਾਰੰਟੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਭੰਗ ਹੋ ਗਿਆ ਹੈ।