ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੁਲਾਈ
ਨਿਹਾਲ ਸਿੰਘ ਵਾਲਾ ਸਬ-ਡਿਵੀਜ਼ਨ ਅਧੀਨ ਆਉਂਦੇ ਪਿੰਡ ਕੁੱਸਾ ਵਿੱਚ ਅੱਜ ਕਿਸਾਨਾਂ ਨੇ ਕਾਂਗਰਸ ਦੀ ਹਲਕਾ ਇੰਚਾਰਜ ਵੱਲੋਂ ਰੱਖਿਆ ਵਿਕਾਸ ਕਾਰਜਾਂ ਦਾ ਉਦਘਾਟਨੀ ਪੱਥਰ ਚੰਦ ਮਿੰਟਾਂ ਬਾਅਦ ਹੀ ਤੋੜ ਦਿੱਤਾ। ਕਿਸਾਨੀ ਰੋਹ ਕਾਰਨ ਕਾਂਗਰਸੀ ਆਗੂ ਨੂੰ ਪਿੰਡ ਮੱਲੇਆਣਾ ਤੇ ਬਿਲਾਸਪੁਰ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਮੁਲਤਵੀ ਕਰਨੇ ਪਏ ਅਤੇ ਉੱਥੋਂ ਉਦਘਾਟਨੀ ਪੱਥਰ ਹਟਾ ਦਿੱਤੇ ਗਏ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਮੱਲੇਆਣਾ ਅਤੇ ਰਾਜਦੀਪ ਸਿੰਘ ਨੇ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਸਬੰਧੀ ਸਿਆਸੀ ਰੋਟੀਆਂ ਸੇਕਣ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਦੇ ਪਿੰਡ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਕਿਸੇ ਨੂੰ ਸਮਾਗਮ ਨਹੀਂ ਕਰਨ ਦਿੱਤਾ ਜਾਵੇਗਾ। ਕਿਸਾਨ ਆਗੂ ਕੁਲਦੀਪ ਕੌਰ, ਮਲਕੀਤ ਸਿੰਘ ਤੇ ਰਾਮ ਜੀ ਦਾਸ ਨੇ ਕਿਹਾ ਕਿ ਸੂਬੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਧਾਨ ਸਭਾ ’ਚ ਕੇਂਦਰੀ ਬਿੱਲਾਂ ਨੂੰ ਰੱਦ ਕਰਨ ਤੱਕ ਹੀ ਸੀਮਿਤ ਰਹੀ ਹੈ ਜਦਕਿ ਸੂਬਾ ਸਰਕਾਰ ਨਾਲ ਸਬੰਧਤ ਕਿਸਾਨੀ ਮੰਗਾਂ ਲੰਮੇ ਸਮੇਂ ਤੋਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ। ਪਿੰਡਾਂ ਦੇ ਲੋਕਾਂ ਨੇ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਪਿੰਡਾਂ ਦੇ ਰਾਹ ਪੈਣ ਤੋਂ ਪਹਿਲਾਂ ਸੌ ਵਾਰ ਸੋਚਣ।
ਮੱਲੇਆਣਾ ’ਚ ਕਿਸਾਨ ਯੂਨੀਅਨ ਤੇ ਪੰਚਾਇਤ ਦਰਮਿਆਨ ਤਣਾਅ
ਪਿੰਡ ਮੱਲੇਆਣਾ ਦੀ ਪੰਚਾਇਤ ਵੱਲੋਂ ਪਾਇਆ ਕਿਸਾਨਾਂ ਦੇ ਬਾਈਕਾਟ ਦਾ ਮਤਾ ਵਾਇਰਲ ਹੋਣ ਮਗਰੋਂ ਦੋਵਾਂ ਧਿਰਾਂ ਦਰਮਿਆਨ ਟਕਰਾਅ ਦਾ ਮਾਹੌਲ ਬਣ ਗਿਆ ਹੈ। ਵਾਇਰਲ ਮਤੇ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਪਿੰਡ ਨੂੰ ਮਿਲ ਰਹੀ 15 ਲੱਖ ਦੀ ਗਰਾਂਟ ਰੱਦ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਮਤੇ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀ ਕਿਸੇ ਵੀ ਕੰਮ ਲਈ ਪੰਚਾਇਤ ਕੋਲ ਨਾ ਆਵੇ। ਪੰਚਾਇਤ ਕਿਸੇ ਵੀ ਆਦਮੀ ਦਾ ਆਟਾ ਦਾਲ ਵਾਲਾ ਕਾਰਡ ਨਹੀਂ ਬਣਾਵੇਗੀ, ਕਿਸਾਨ ਜਥੇਬੰਦੀ ਦੇ ਕਿਸੇ ਵੀ ਬੰਦੇ ਨਾਲ ਥਾਣੇ, ਕਚਹਿਰੀ ਨਹੀਂ ਜਾਵੇਗੀ ਤੇ ਦੋ ਕਿਸਾਨ ਯੂਨੀਅਨਾਂ ਤੋਂ ਪੰਚਾਇਤ ਵੱਲੋਂ ਫੰਡ ਦਾ ਹਿਸਾਬ ਲਿਆ ਜਾਵੇਗਾ। ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਨੇ ਕਿਹਾ ਕਿ ਪੰਚਾਇਤ ਦੀ ਇਸ ਗ਼ੈਰ-ਸੰਵਿਧਾਨਕ ਕਾਰਵਾਈ ਦਾ ਵਿਰੋਧ ਕੀਤਾ ਜਾਵੇਗਾ ਅਤੇ ਪੰਚਾਇਤ ਖਿਲਾਫ਼ ਕਾਨੂੰਨੀ ਕਾਰਵਾਈ ਲਈ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਲੋਕਾਂ ਵਿਰੁੱਧ ਮਤਾ ਪਾਉਣਾ ਪੰਚਾਇਤ ਦੀ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜੱਸੀ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਹਾਕਮ ਧਿਰ ਦੀ ਹਲਕਾ ਇੰਚਾਰਜ ਦੇ ਵਿਰੋਧ ਤੋਂ ਖ਼ਫਾ ਪਿੰਡ ਦੀ ਪੰਚਾਇਤ ਨੇ ਕਿਸਾਨ ਯੂਨੀਅਨਾਂ ਖਿਲਾਫ਼ ਮਤਾ ਪਾ ਕੇ ਤੇ ਪੰਜਾਬ ਸਰਕਾਰ ਦੇ ਪੱਖ ਵਿੱਚ ਫਤਵਾ ਦੇ ਕੇ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨਾਲ ਧ੍ਰੋਹ ਕਮਾਇਆ ਹੈ। ਪਿੰਡ ਮੱਲੇਆਣਾ ਦੇ ਸਰਪੰਚ ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਸਿਰਫ਼ ਆਪਣੇ ਹੀ ਪਿੰਡ ਦੇ ਕਿਸਾਨ ਆਗੂਆਂ ਦਾ ਬਾਈਕਾਟ ਕੀਤਾ ਹੈ। ਕਿਸਾਨ ਜਥੇਬੰਦੀਆਂ ਨਾਲ ਸੰਘਰਸ਼ ’ਚ ਉਹ ਪਹਿਲਾਂ ਦੀ ਤਰ੍ਹਾਂ ਨਾਲ ਹਨ।