ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਅਕਤੂਬਰ
ਇੱਥੇ ਕੋਟਕਪੂਰਾ ਕੌਮੀ ਮਾਰਗ ’ਤੇ ਸਥਿਤ ਪਿੰਡ ਤਾਰੇਵਾਲਾ ਨਵਾਂ, ਮੋਗਾ ਵਿਚ ਟਾਇਰ ਫੈਕਟਰੀ ਨੂੰ ਸ਼ਾਮ ਵੇਲੇ ਅਚਾਨਕ ਅੱਗ ਲੱਗ ਗਈ। ਅੱਗ ਨਾਲ ਸੈਂਕੜੇ ਟਨ ਰਬੜ ਸੜਨ ਦਾ ਖਦਸ਼ਾ ਹੈ।
ਫ਼ਾਇਰ ਅਫ਼ਸਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਮੋਗਾ ਦੀਆਂ 4 ਗੱਡੀਆਂ ਤੋਂ ਇਲਾਵਾ ਜਗਰਾਓਂ, ਕੋਟਕਪੂਰਾ, ਫ਼ਰੀਦਕੋਟ, ਫ਼ਿਰੋਜ਼ਪੁਰ ਤੋਂ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਪੁੱਜੀਆਂ ਹਨ। ਉਨ੍ਹਾਂ ਦੀਆਂ ਚਾਰ ਗੱਡੀਆਂ ਨੇ ਕਰੀਬ 25 ਪਾਣੀ ਦੀਆਂ ਟੈਂਕੀਆਂ ਖਾਲੀ ਕੀਤੀਆਂ ਹਨ ਪਰ ਤਕਰੀਬਨ ਸਾਢੇ 3 ਘੰਟੇ ਬਾਅਦ ਵੀ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਫੈਕਟਰੀ ਤੋਂ ਲੱਗੀ ਅੱਗ ਨੇ ਨੇੜਲੀ ਫੈਕਟਰੀ ਨੂੰ ਵੀ ਲਪੇਟੇ ’ਚ ਲੈ ਲਿਆ ਹੈ।
ਫੈਕਟਰੀ ਮਾਲਕ ਰਾਮ ਕੁਮਾਰ ਤੇ ਗੁਆਂਢੀ ਫੈਕਟਰੀ ਮਾਲਕ ਵੇਦ ਪ੍ਰਕਾਸ਼ ਨੇ ਦੱਸਿਆ ਕਿ ਐਤਵਾਰ ਕਾਰਨ ਵਰਕਰ ਦੁਪਹਿਰ ਵੇਲੇ ਛੁੱਟੀ ਕਰ ਕੇ ਘਰਾਂ ਨੂੰ ਚਲੇ ਗਏ ਸਨ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਉਹ ਇੱਥੇ ਪੁਰਾਣੇ ਟਾਇਰ, ਟਿਊਬਾਂ ਆਦਿ ਖਰੀਦ ਕੇ ਡੰਪ ਕਰਦੇ ਹਨ। ਫੈਕਟਰੀ ਮਾਲਕ ਨੇ ਕਿਹਾ ਕਿ ਅੱਗ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ।