ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 31 ਮਾਰਚ
ਨੇੜਲੇ ਪਿੰਡ ਉੱਭਾਵਾਲ ਵਿਖੇ ਠੇਕੇਦਾਰ ਵੱਲੋਂ ਧੱਕੇ ਨਾਲ ਠੇਕਾ ਖੋਲ੍ਹਣ ਦੇ ਵਿਰੋਧ ਵਿਚ ਸਰਪੰਚ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਅਤੇ ਪਿੰਡ ਦੀਆਂ ਵੱਡੀ ਗਿਣਤੀ ਔਰਤਾਂ ਸਮੇਤ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੀਨੀਅਰ ਆਗੂ ਗੋਬਿੰਦਰ ਸਿੰਘ ਮੰਗਵਾਲ, ਇਕਾਈ ਪ੍ਰਧਾਨ ਹਰਦੇਵ ਸਿੰਘ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸਮੇਤ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਮੌਜੂਦ ਸਨ। ਧਰਨੇ ਦੌਰਾਨ ਸ਼ਰਾਬ ਦੇ ਠੇਕੇਦਾਰ ਦੀ ਹੈਂਕੜਬਾਜੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੀ ਸਰਪੰਚ ਅਮਰਜੀਤ ਕੌਰ ਵੱਲੋਂ ਗੁਰਮੇਲ ਸਿੰਘ, ਛਿੰਦਰਪਾਲ ਸਿੰਘ, ਪਾਲੀ ਸਿੰਘ ਕਮਲ, ਮੱਖਣ ਸਰਮਾ, ਭੋਲਾ ਸਿੰਘ, ਲੱਖੀ ਸਿੰਘ, ਕੁਲਵੀਰ ਸਿੰਘ, ਕ੍ਰਿਸ਼ਨ ਚੰਦ ਮਾਮਾ, ਨਿਰਭੈ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਰਵੀ ਸਿੰਘ, ਮੱਖਣ ਸਿੰਘ, ਸੁਖਵਿੰਦਰ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਜਸਵੰਤ ਸਿੰਘ ਮਿੱਠੂ, ਨਾਜ਼ਰ ਸਿੰਘ, ਸੁਖਦੇਵ ਸਿੰਘ ਸੁੱਖਾ, ਕਾਲਾ ਸਿੰਘ, ਗੁਰਸੈਬਰ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਅਤੇ ਸਾਰੇ ਨਗਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਠੇਕੇ ਵਾਲੀ ਦੁਕਾਨ ਦੇ ਬਾਹਰ ਧਰਨਾ ਦਿੱਤਾ। ਧਰਨਾ ਦੇਣ ਮੌਕੇ ਠੇਕੇਦਾਰ ਦੁਕਾਨ ਦੇ ਅੰਦਰ ਹੀ ਮੌਜੂਦ ਸੀ ਅਤੇ ਜਿਉਂ ਹੀ ਧਰਨੇ ਸਬੰਧੀ ਪੁਲੀਸ ਨੂੰ ਪਤਾ ਲੱਗਾ ਤਾਂ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਠੇਕੇਦਾਰ ਤੇ ਪਿੰਡ ਦੇ ਲੋਕਾਂ ਦਾ ਆਪਸ ਵਿਚ ਸਮਝੌਤਾ ਕਰਵਾਇਆ ਗਿਆ ਜਿਸ ’ਚ ਦੋਨੋਂ ਠੇਕੇ ਪਿੰਡ ਵਿਚੋਂ ਚੁੱਕਣ ਅਤੇ ਪਿੰਡ ਤੋਂ ਬਾਹਰ ਡੇਢ ਕਿਲੋਮੀਟਰ ਦੀ ਦੂਰੀ ’ਤੇ ਠੇਕੇ ਖੋਲ੍ਹਣ ਦੀ ਸ਼ਰਤ ’ਤੇ ਫੈਸਲਾ ਹੋਇਆ। ਠੇਕੇਦਾਰ ਵੱਲੋਂ ਆਪਣੀ ਹੈਂਕੜਬਾਜੀ ਦੀ ਗਲਤੀ ਮੰਨੀ ਗਈ। ਉਧਰ ਇਸ ਸਬੰਧੀ ਠੇਕੇਦਾਰ ਨੇ ਕਿਹਾ ਕਿ ਉਹ ਇਥੋਂ ਆਪਣੀ ਸ਼ਰਾਬ ਲੈ ਗਏ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਲੋਕਾਂ ਦਾ ਵੱਡੇ ਪੱਧਰ ’ਤੇ ਇਕੱਠ ਕੀਤਾ ਸੀ। ਇਸ ਮੌਕੇ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਪਿੰਡ ਵਿੱਚ ਜੋ ਠੇਕਾ ਹੈ। ਉਸ ਨੂੰ ਪਿੰਡ ਤੋਂ ਘੱਟੋ ਘੱਟ ਡੇਢ ਦੋ ਕਿਲੋਮੀਟਰ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ।