ਬਲਵਿੰਦਰ ਰੈਤ
ਨੂਰਪੁਰ ਬੇਦੀ, 1 ਅਗਸਤ
ਨੂਰਪੁਰ ਬੇਦੀ ਤੋਂ ਬਲਾਚੌਰ ਮੁੱਖ ਮਾਰਗ ’ਤੇ ਸਥਿਤ ਪਿੰਡ ਹਿਆਤਪੁਰ ਇੱਟਾਂ ਦੇ ਭੱਠੇ ਲਾਗੇ ਹਰੇ ਫ਼ਲਦਾਰ ਦਰੱਖ਼ਤਾਂ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਦੋਂ ਗਰਮਾ ਗਿਆ ਜਦੋਂ ਵਿਭਾਗ ਦੇ ਇੱਕ ਬੇਲਦਾਰ ਜਸਪਾਲ ਸਿੰਘ ਵੱਲੋਂ ਹਰੇ ਦਰੱਖਤਾਂ ਨੂੰ ਕੱਟਣ ਦਾ ਵਿਰੋਧ ਕੀਤਾ ਗਿਆ ਜਿਸ ’ਤੇ ਉਸ ਦੀ ਕਥਿਤ ਕੁੱਟਮਾਰ ਕੀਤੀ ਗਈ।
ਥਾਣਾ ਨੂਰਪੁਰ ਬੇਦੀ ’ਚ ਦਰਖ਼ਾਸਤ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਸੁੱਕੇ ਦਰੱਖਤਾਂ ਦੀ ਆੜ ਵਿੱਚ ਇਹ ਲੋਕ ਨਾਜਾਇਜ਼ ਤੌਰ ’ਤੇ ਹਰੇ ਅੰਬਾਂ ਦੇ ਦਰੱਖਤ ਵੱਢ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਸ ਦੇ ਹੀ ਵਿਭਾਗ ਦੇ ਇੱਕ ਗਾਰਡ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਕਰੌਲਗੜ੍ਹ ਮੰਦਰ ਦੇ ਸਾਹਮਣੇ ਸਥਿਤ ਚੈੱਕ ਪੋਸਟ ਤੇ ਪੁੱਜ ਕੇ ਉਸ ਦੀ ਕੁੱਟਮਾਰ ਕੀਤੀ। ਜਸਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਹੀ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਵੱਖ-ਵੱਖ ਸਥਾਨਾਂ ਤੋਂ ਹਰੇ ਦਰੱਖਤ ਤੇ ਖੈਰ ਦੇ ਦਰੱਖਤ ਵੱਢੇ ਜਾ ਰਹੇ ਹਨ। ਉਧਰ ਮੌਕੇ ’ਤੇ ਪੁੱਜੇ ਇਲਾਕਾ ਸੰਘਰਸ਼ ਕਮੇਟੀ ਦੇ ਆਗੂ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਇਹ ਸਭ ਕੁਝ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਯੋਗਰਾਜ ਸਿੰਘ, ਅਵਤਾਰ ਸਿੰਘ, ਗੁਰਨੈਬ ਸਿੰਘ, ਮਾਸਟਰ ਬਲਬੀਰ ਸਿੰਘ, ਮਾਸਟਰ ਨੰਦ ਸਿੰਘ, ਹਰਬੰਸ ਸਿੰਘ ਸਮੇਤ ਕਈ ਆਗੂ ਮੌਜੂਦ ਸਨ। ਇਸ ਸਬੰਧੀ ਜਦੋਂ ਡੀਐਫਓ ਰੂਪਨਗਰ ਗੁਰਅਮਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਜੇਕਰ ਅਜਿਹੀ ਕੋਈ ਗੱਲ ਹੋਈ ਤਾਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹ ਇਸ ਘਟਨਾ ਦੀ ਪੜਤਾਲ ਕਰਨਗੇ। ਦੂਜੇ ਪਾਸੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕਿਹਾ ਕਿ ਜੇਕਰ ਹਰੇ ਫ਼ਲਦਾਰ ਦਰੱਖਤ ਕੱਟੇ ਗਏ ਹਨ ਤਾਂ ਇਸ ਦੀ ਜਾਂਚ ਕਰਕੇ ਉਚਿੱਤ ਕਾਰਵਾਈ ਕੀਤੀ ਜਾਵੇਗੀ।