ਨਵੀਂ ਦਿੱਲੀ, 30 ਜਨਵਰੀ
ਦਿੱਲੀ ਪੁਲੀਸ ਨੇ ਗਣਤੰਤਰ ਦਿਵਸ ਮੌਕੇ ਆਈਟੀਓ ’ਚ ਹਿੰਸਾ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਦੇ ਮਾਮਲੇ ’ਚ ਜਨਤਾ ਨੂੰ ਕਥਿਤ ਗੁੰਮਰਾਹ ਕਰਨ ਦੇ ਦੋਸ਼ ਹੇਠ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ, ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ, ‘ਕਾਰਵਾਂ’ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੇਸ ਆਈ.ਪੀ. ਅਸਟੇਟ ਥਾਣੇ ’ਚ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੋਇਡਾ ਪੁਲੀਸ ਨੇ ਵੀ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਅਤੇ ਛੇ ਹੋਰ ਪੱਤਰਕਾਰਾਂ ਖ਼ਿਲਾਫ਼ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਸੀ। ਮੱਧ ਪ੍ਰਦੇਸ਼ ਪੁਲੀਸ ਵੱਲੋਂ ਵੀ ਸ਼ਸ਼ੀ ਥਰੂਰ ਅਤੇ ਛੇ ਪੱਤਰਕਾਰਾਂ ਖ਼ਿਲਾਫ਼ ਟਕੈਰਟਰ ਰੈਲੀ ਸਬੰਧੀ ‘ਗੁੰਮਰਾਹਕੁਨ’ ਟਵੀਟ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ