ਯਸ਼ ਚਟਾਨੀ
ਬਾਘਾ ਪੁਰਾਣਾ, 1 ਅਗਸਤ
ਪਿੰਡ ਕੋਟਲਾ ਮੇਹਰ ਸਿੰਘ ਵਾਲਾ ਦੇ ਮਰਹੂਮ ਕਿਸਾਨ ਜਗਦੇਵ ਸਿੰਘ ਜੱਗਾ, ਜੋ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸਨ ਦਾ ਪਰਿਵਾਰ ਸਰਕਾਰੀ ਸਹਾਇਤਾ ਲਈ ਸਰਕਾਰੇ-ਦਰਬਾਰੇ ਠੋਕਰਾਂ ਖਾਂਦਾ ਫਿਰ ਰਿਹਾ ਹੈ। ਛੇ ਮਹੀਨਿਆਂ ਤੋਂ ਉਸ ਦੀ ਬਿਰਧ ਮਾਤਾ ਗੁਰਦੇਵ ਕੌਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਕਈ ਵਾਰ ਪਹੁੰਚ ਤਾਂ ਕੀਤੀ ਗਈ ਪਰ ਉਸਦੇ ਪੱਲੇ ਭਰੋਸਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਪਿਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਦੱਸਿਆ ਕਿ ਐੱਸਡੀਐੱਮ ਬਾਘਾ ਪੁਰਾਣਾ ਕੋਲ ਪੀੜਤ ਪਰਿਵਾਰ ਦੀ ਸਹਾਇਤਾ ਲਈ ਦਰਖਾਸਤ ਦਿੱਤੀ ਗਈ ਸੀ। ਯੂਨੀਅਨ ਆਗੂ ਮੁਤਾਬਕ ਇਸ ਨੂੰ ਅੱਗੇ ਐੱਸਡੀਐੱਮ ਮੋਗਾ ਕੋਲ ਭੇਜਿਆ ਜਾਣਾ ਸੀ ਪਰ ਇਹ ਕੇਸ ਉੱਥੇ ਪੁੱਜਾ ਹੀ ਨਹੀਂ। ਬਲਾਕ ਸਕੱਤਰ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 5 ਅਗਸਤ ਨੂੰ ਐੱਸਡੀਐੱਮ ਦਫਤਰ ਬਾਘਾ ਪੁਰਾਣਾ ਵਿੱਚ ਧਰਨਾ ਦਿੱਤਾ ਜਾਵੇਗਾ।