ਖੇਤਰੀ ਪ੍ਰਤੀਨਿਧ
ਬਰਨਾਲਾ, 1 ਅਗਸਤ
ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਮਹਿਲ ਕਲਾਂ ਜਬਰ ਜਨਾਹ ਤੇ ਕਤਲਕਾਂਡ ਮਾਮਲੇ ਦੀ ਪੈਰਵਾਈਕਾਰ ਸ਼ਹੀਦ ਕਿਰਨਜੀਤ ਕਤਲ-ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ 12 ਅਗਸਤ ਨੂੰ ਮਨਾਏ ਜਾ ਰਹੇ 24ਵੇਂ ਬਰਸੀ ਸਮਾਗਮ ਨੂੰ ਇਸ ਸਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸ਼ਿਰਕਤ ਤੇ ਸੰਬੋਧਨ ਲਈ ਐਕਸ਼ਨ ਕਮੇਟੀ ਨੇ ਕਿਸਾਨ ਮੋਰਚੇ ਦੇ ਕੌਮੀ ਆਗੂਆਂ ਨੂੰ ਸੱਦਾ ਭੇਜਿਆ ਸੀ, ਜਿਸ ਨੂੰ ਸੰਯਕੁਤ ਕਿਸਾਨ ਮੋਰਚੇ ਨੇ ਸਵੀਕਾਰ ਕਰ ਲਿਆ ਹੈ। ਇਹ ਜਾਣਕਾਰੀ ਬਰਨਾਲਾ ਰੇਲਵੇ ਸਟੇਸ਼ਨ ’ਤੇ ਖੇਤੀ ਕਾਨੂੰਨਾਂ ਵਿਰੁੱਧ ਲੱਗੇ ਸਾਂਝੇ ਕਿਸਾਨ ਧਰਨੇ ’ਚ ਬੁਲਾਰਿਆਂ ਨੇ ਦਿੱਤੀ। ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਵੀ ਫ਼ੈਸਲਾ ਕੀਤਾ ਹੈ ਕਿ ਬਰਨਾਲਾ ਜ਼ਿਲ੍ਹੇ ’ਚ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸਾਰੇ ਧਰਨੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ’ਚ ਤਬਦੀਲ ਕੀਤੇ ਜਾਣਗੇ।
ਬਰੇਟਾ (ਪੱਤਰ ਪ੍ਰੇਰਕ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮੋਰਚੇ ਵੱਲੋਂ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਕ ਨਿੱਜੀ ਪੈਟਰੋਲ ਪੰਪ ’ਤੇ ਚੱਲ ਰਹੇ ਸੰਘਰਸ਼ ਲਗਾਤਾਰ ਜਾਰੀ ਹਨ।
ਕਿਰਨਜੀਤ ਕੌਰ ਦੇ ਬਰਸੀ ਸਮਾਗਮ ਦੀ ਤਿਆਰੀ ਲਈ ਪਿੰਡਾਂ ਵਿੱਚ ਰੈਲੀਆਂ
ਮਹਿਲ ਕਲਾਂ (ਪੱਤਰ ਪ੍ਰੇਰਕ): ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ 24ਵੇਂ ਬਰਸੀ ਸਮਾਗਮ ਦੀਆਂ ਤਿਆਰੀਆ ਲਈ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਦੀ ਸ਼ੁਰੂਆਤ ਗਦਰ ਲਹਿਰ ਦੇ ਸ਼ਹੀਦ ਰਹਿਮਤ ਅਲੀ ਦੇ ਪਿੰਡ ਵਜੀਦਕੇ ਕਲਾਂ ਤੋਂ ਕੀਤੀ ਗਈ ਅਤੇ ਬਾਅਦ ਵਿੱਚ ਪੈਪਸੂ ਮੁਜਾਰਾ ਲਹਿਰ ਨਾਲ ਸਬੰਧਤ ਰਹੇ ਪਿੰਡ ਅਮਲਾ ਸਿੰਘ ਵਾਲਾ ਅਤੇ ਹਮੀਦੀ ਵਿਖੇ ਸਮਾਗਮ ਕੀਤੇ ਗਏ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ (ਮੋਗਾ) ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ ‘ਲੀਰਾਂ’ ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।
ਕਿਸਾਨ ਬੀਬੀਆਂ ਵੱਲੋਂ ਸਾਮਰਾਜ ਵਿਰੁੱਧ ਪਿੱਟ ਸਿਆਪਾ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਿਹਾ ਮੋਰਚਾ ਅੱਜ 305ਵੇਂ ਦਿਨ ਵੀ ਜਾਰੀ ਰਿਹਾ। ਇਸ ਦੀ ਅਗਵਾਈ ਬੀਬੀਆਂ ਨੇ ਕੀਤੀ। ਉਨ੍ਹਾਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪਿੱਟ ਸਿਆਪਾ ਕਰਦਿਆਂ ਜੋਸ਼ੀਲੇ ਨਾਅਰੇ ਲਗਾਏ। ਇਸ ਮੌਕੇ ਆਗੂ ਕਰਮਜੀਤ ਕੌਰ ਪੂਹਲਾ, ਜਸਮੇਲ ਕੌਰ ਚੱਕ, ਪਾਲ ਕੌਰ ਚੱਕ ਅਤੇ ਮਹਿੰਦਰ ਕੌਰ ਨੇ ਸੰਬੋਧਨ ਕੀਤਾ।