ਨਿਜੀ ਪੱਤਰ ਪ੍ਰੇਰਕ
ਅੰਬਾਲਾ, 14 ਨਵੰਬਰ
ਦੇਹਰਾਦੂਨ ਵਿੱਚ ਰਹਿ ਰਹੇ ਆਪਣੇ ਧੀ-ਜਵਾਈ ਨੂੰ ਮਿਲ ਕੇ ਵਾਪਸ ਆ ਰਹੇ ਬਜ਼ੁਰਗ ਜੋੜੇ ਨੂੰ 4 ਠੱਗਾਂ ਨੇ ਨਿਸ਼ਾਨਾ ਬਣਾ ਕੇ 5 ਲੱਖ ਰੁਪਏ ਚੋਰੀ ਕਰ ਲਏ। ਇਹ ਵਾਰਦਾਤ ਅੰਬਾਲਾ ਛਾਉਣੀ ਤੋਂ ਸ਼ਹਿਰ ਜਾ ਰਹੀ ਬੱਸ ਵਿੱਚ ਵਾਪਰੀ। ਠੱਗ ਖ਼ੁਦ ਨੂੰ ਪੁਲੀਸ ਮੁਲਾਜ਼ਮ ਦੱਸ ਕੇ ਬੱਸ ਵਿੱਚ ਜੋੜੇ ਕੋਲ ਬੈਠ ਗਏ ਤੇ ਮੀਆਂ-ਬੀਵੀ ਨੂੰ ਗੱਲਾਂ ਵਿੱਚ ਲਾ ਕੇ ਉਨ੍ਹਾਂ ਦੇ ਫਰਾਰੀ ਸੂਟਕੇਸ ’ਤੇ ਆਪਣਾ ਪਿੱਠੂ ਬੈਗ ਰੱਖ ਕੇ ਸੂਟਕੇਸ ਵਿਚੋਂ 5 ਲੱਖ ਰੁਪਏ ਦੀ ਰਕਮ ਗ਼ਾਇਬ ਕਰ ਲਈ। ਮੀਆਂ-ਬੀਵੀ ਨੇ ਜਦੋਂ ਘਰ ਜਾ ਕੇ ਆਪਣਾ ਸੂਟਕੇਸ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਮਹਿਕਮੇ ਤੋਂ ਬਤੌਰ ਇੰਸਪੈਕਟਰ ਸੇਵਾਮੁਕਤ ਸੋਮਨਾਥ ਨੇ ਦੱਸਿਆ ਕਿ ਉਹ ਆਪਣੀ ਪਤਨੀ ਬ੍ਰਿਜਬਾਲਾ ਨਾਲ ਧੀ-ਜੁਆਈ ਨੂੰ ਮਿਲਣ ਦੇਹਰਾਦੂਨ ਗਏ ਸਨ। ਵਾਪਸੀ ’ਤੇ ਉਸ ਦੇ ਜਵਾਈ ਨੇ ਉਸ ਨੂੰ 5 ਲੱਖ ਰੁਪਏ ਇਹ ਕਹਿ ਕੇ ਦਿੱਤੇ ਸਨ ਕਿ ਉਸ ਨੇ ਅੰਬਾਲਾ ਵਿੱਚੋਂ ਕੁਝ ਸਾਮਾਨ ਖ਼ਰੀਦਣਾ ਹੈ। ਪੈਸੇ ਫਰਾਰੀ ਸੂਟਕੇਸ ਵਿੱਚ ਰੱਖ ਕੇ ਉਹ ਅੰਬਾਲਾ ਕੈਂਟ ਪਹੁੰਚ ਗਏ। ਇੱਥੇ ਸ਼ਹਿਰ ਜਾਣ ਲਈ ਉਹ ਰੋਡਵੇਜ਼ ਦੀ ਬੱਸ ਵਿੱਚ ਬੈਠ ਗਏ। ਇਸ ਦੌਰਾਨ ਚਾਰ ਨੌਜਵਾਨ ਵੀ ਬੱਸ ’ਚ ਚੜ੍ਹ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲੀਸ ਮੁਲਾਜ਼ਮ ਦੱਸਿਆ ਤੇ ਕਿਹਾ ਕਿ ਉਹ ਪੁਲੀਸ ਲਾਈਨ ਜਾ ਰਹੇ ਹਨ। ਇਕ ਨੌਜਵਾਨ ਨੇ ਆਪਣਾ ਪਿੱਠੂ ਬੈਗ ਉਨ੍ਹਾਂ ਦੇ ਸੂਟਕੇਸ ’ਤੇ ਰੱਖ ਦਿੱਤਾ। ਇਸ ਦੌਰਾਨ ਪਤਾ ਨਹੀਂ ਉਹ ਕਦੋਂ ਸੂਟਕੇਸ ਵਿੱਚੋਂ ਪੈਸੇ ਕੱਢ ਕੇ ਅੰਬਾਲਾ ਸ਼ਹਿਰ ਉਨ੍ਹਾਂ ਦੇ ਉਤਰਨ ਤੋਂ ਪਹਿਲਾਂ ਹੀ ਬੱਸ ਵਿਚੋਂ ਉੱਤਰ ਗਏ।