ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਥਾਣਾ ਦਿਆਲਪੁਰਾ ਭਾਈਕਾ ਅਧੀਨ ਪੈਂਦੇ ਪਿੰਡ ਕੋਇਰ ਸਿੰਘ ਵਾਲਾ ਵਿੱਚ ਅੱਜ ਕੁਝ ਵਿਅਕਤੀਆਂ ਨੇ 20 ਸਾਲਾ ਨੌਜਵਾਨ ਦੇ ਸਿਰ ਵਿੱਚ ਟੰਬਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਨੌਜਵਾਨ ਦਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰੌਂਤਾ ਦੀ ਮਾਤਾ ਕਰਮਜੀਤ ਕੌਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਅੱਜ ਜਦੋਂ ਉਹ ਅਤੇ ਉਸ ਦਾ ਪੁੱਤਰ ਦਵਿੰਦਰ ਸਿੰਘ ਪਿੰਡ ਕੋਇਰ ਸਿੰਘ ਵਾਲਾ ਵਿੱਚੋਂ ਲੰਘ ਰਹੇ ਸੀ ਤਾਂ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਲੱਕੜ ਦੇ ਟੰਬੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਉਸ ਨੂੰ ਬਾਘਾਪੁਰਾਣਾ ਵਿੱਚ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਕਰਮਜੀਤ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਨੌਜਵਾਨਾਂ ਨਾਲ ਟੂਰ ’ਤੇ ਗਿਆ ਸੀ ਅਤੇ ਉਥੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਸੀ। ਇਸੇ ਰੰਜਿਸ਼ ਕਾਰਨ ਹੀ ਹਮਲਵਾਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਥਾਣਾ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਦਵਿੰਦਰ ਸਿੰਘ ਦੀ ਮਾਤਾ ਕਰਮਜੀਤ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕਥਿਤ ਦੋਸ਼ੀਆਂ ਸੁਖਚੈਨ ਸਿੰਘ ਵਾਸੀ ਕੋਇਰ ਸਿੰਘ ਵਾਲਾ ਅਤੇ ਲਵਪ੍ਰੀਤ ਸਿੰਘ ਵਾਸੀ ਭੋਡੀਪੁਰਾ ਖ਼ਿਲਾਫ਼ ਧਾਰਾ 302 ਅਧੀਨ ਮੁਕੱਦਮਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।