ਪੱਤਰ ਪ੍ਰੇਰਕ
ਕੁਰਾਲੀ, 14 ਨਵੰਬਰ
ਲਾਵਾਰਿਸ ਤੇ ਮੰਦਬੁੱਧੀ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਸੰਸਥਾ ਨਾਲ ਚੀਨੀ ਕੰਪਨੀ ਨੇ ਲੱਖਾਂ ਦੀ ਠੱਗੀ ਮਾਰੀ ਹੈ। ਕਰੋਨਾ ਦੌਰਾਨ ਸੰਸਥਾ ਵਲੋਂ ਚੀਨ ਦੀ ਇੱਕ ਕੰਪਨੀ ਤੋਂ ਮੰਗਵਾਏ ਆਕਸੀਜਨ ਕੰਸਨਟੇਟਰਾਂ ਦੀ ਨੈਬੂਲਾਈਜ਼ਰ ਭੇਜ ਦਿੱਤੇ। ਇਸ ਤਰ੍ਹਾਂ ਸੰਸਥਾ ਕਰੀਬ 36 ਲੱਖ ਦੀ ਠੱਗੀ ਦਾ ਸ਼ਿਕਾਰ ਹੋਈ ਹੈ। ਪਿੰਡ ਪਡਿਆਲਾ ਦੀ ਪ੍ਰਭ ਆਸਰਾ ਸੰਸਥਾ ਪਿਛਲੇ ਕਈ ਸਾਲਾਂ ਤੋਂ ਲਾਵਾਰਿਸ ਨਾਗਰਿਕਾਂ ਦੀ ਸਾਂਭ ਸੰਭਾਲ ਤੇ ਇਲਾਜ ਕਰਨ ਤੋਂ ਇਲਾਵਾ ਸਮਾਜ ਭਲਾਈ ਦੇ ਕਾਰਜਾਂ ਲਈ ਯਤਨਸ਼ੀਲ ਹੈ।
ਪ੍ਰਭ ਆਸਰਾ ਦੇ ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਲਈ ਵਿਦੇਸ਼ਾਂ ’ਚ ਰਹਿੰਦੇ ਸਮਾਜ ਦਰਦੀਆਂ ਨੂੰ ਅਪੀਲ ਕੀਤੀ ਗਈ ਸੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਚੀਨ ਦੀ ਇੱਕ ਕੰਪਨੀ ਤੋਂ 100 ਆਕਸੀਜਨ ਕੰਸਨਟਰੇਟਰ ਮੰਗਵਾਉਣ ਦਾ ਆਡਰ ਦਿੱਤਾ, ਜਿਸ ਦੀ ਬਣਦੀ ਕੁੱਲ ਕੀਮਤ 36 ਲੱਖ ਤੋਂ ਵੱਧ ਕੈਲੀਫੋਰਨੀਆ ’ਚ ਰਹਿੰਦੇ ਸਮਾਜ ਸੇਵੀਆਂ ਨੇ ਅਦਾ ਕੀਤੀ। ਕੰਪਨੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਆਕਸੀਜਨ ਕੰਸਨਟਰੇਟਰ ਜਿਸ ਦਾ ਵਜਨ ਤੇ ਸਾਈਜ਼ ਇੰਨਾ ਹੈ ਇਹ ਚੀਨ ਤੋਂ ਦਿੱਲੀ ਹੁੰਦੇ ਹੋਏ ਪੰਜਾਬ ਆਉਣਗੇ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤਾਂ ਨੂੰ ਆਕਸੀਜਨ ਕੰਸਨਟਰੇਟਰ ਦੀ ਲੋੜ ਸੀ ਤੇ ਅਸੀਂ ਇਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ। ਪਰ ਉਦੋਂ ਬਹੁੱਤ ਦੁੱਖ ਹੋਇਆ ਜਦੋਂ ਆਕਸੀਜਨ ਕੰਸਨਟਰੇਟਰ ਦੀ ਜਗਾ 100 ਨੈਬੂਲਾਈਜ਼ਰ ਨਿਕਲੇ। ਸੰਸਥਾ ਵੱਲੋਂ ਮਾਮਲਾ ਵਿਦੇਸ਼ਾਂ ’ਚ ਰਹਿੰਦੇ ਸਮਾਜ ਸੇਵੀਆਂ ਦੇ ਧਿਆਨ ਵਿਚ ਲਿਆਂਦਾ ਤੇ ਉਨ੍ਹਾਂ ਨੇ ਇਸ ਬਾਰੇ ਕੰਪਨੀ ਨਾਲ ਗੱਲਬਾਤ ਕੀਤੀ ਪਰ ਅੱਜ ਤਕ ਉਸਦਾ ਕੋਈ ਹੱਲ ਨਹੀਂ ਨਿਕਲਿਆ।
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੰਸਥਾ ਨੂੰ ਨਾ ਤਾਂ ਆਕਸੀਜਨ ਕੰਸਨਟਰੇਟਰ ਮਿਲੇ ਹਨ ਤੇ ਨਾ ਹੀ ਸੰਸਥਾ ਇਨ੍ਹਾਂ ਨੂੰ ਵਰਤ ਸਕੀ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਤੋਂ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਛਾਣ ਬੀਣ ਕਰਕੇ ਸੰਸਥਾ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ।