ਬਲਜੀਤ ਸਿੰਘ
ਸਰਦੂਲਗੜ੍ਹ, 1 ਅਗਸਤ
ਇਲਾਕੇ ਵਿੱਚ ਪਿਛਲੇ ਦਿਨੀਂ ਪਏ ਭਰਵੇਂ ਮੀਂਹ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ’ਚ ਦੋ ਤੋਂ ਚਾਰ ਫੁੱਟ ਤੱਕ ਮੀਂਹ ਦਾ ਪਾਣੀ ਭਰ ਜਾਣ ਕਾਰਨ ਵੱਡਾ ਨੁਕਸਾਨ ਹੋਇਆ। ਪਿੰਡ ਕਰੰਡੀ ਵਿੱਚ ਪਾਣੀ ਜ਼ਿਆਦਾ ਭਰ ਜਾਣ ਕਰਕੇ ਗਰੀਬ ਵਰਗ ਨਾਲ ਸਬੰਧਤ ਘਰ ਨੁਕਸਾਨੇ ਗਏ ਅਤੇ ਬਹੁਤੇ ਪਰਿਵਾਰਾਂ ਦਾ ਸਾਮਾਨ ਪੰਚਾਇਤੀ ਥਾਵਾਂ ’ਤੇ ਰੱਖਿਆ ਗਿਆ ਹੈ।
ਪਿੰਡ ਕਰੰਡੀ ਦੇ ਸਰਪੰਚ ਅਜੀਤ ਸ਼ਰਮਾ, ਨੱਥੂ ਰਾਮ, ਸੰਦੀਪ ਕੁਮਾਰ, ਆਤਮਾ ਰਾਮ, ਜਗਦੀਸ਼ ਰਾਮ, ਅਨਿਲ ਕੁਮਾਰ ਅਤੇ ਸ਼ੁਭਾਸ ਕੁਮਾਰ ਨੇ ਦੱਸਿਆ ਕਿ ਕੁਝ ਮੀਂਹ ਦਾ ਪਾਣੀ ਹਰਿਆਣਾ ਸਾਈਡ ਤੋਂ ਆਉਣ ਕਰਕੇ ਤੇ ਦੂਸਰਾ ਇਨ੍ਹਾਂ ਪਿੰਡਾਂ ’ਚ ਬਰਸਾਤ ਜ਼ਿਆਦਾ ਹੋਣ ਕਰਕੇ ਪਿੰਡ ਕਰੰਡੀ, ਸੰਘਾ, ਲੁਹਾਰਖੇੜਾ, ਰਾਜਰਾਣਾ, ਖੈਰਾ ਆਦਿ ’ਚ ਨਰਮੇ ਅਤੇ ਝੋਨੇ ਦੀ ਕਰੀਬ 1500 ਏਕੜ ਫਸਲ ਬਰਬਾਦ ਹੋ ਚੁੱਕੀ ਹੈ।
ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਅਤੇ ਐਸ.ਡੀ.ਐਮ ਸਰਦੂਲਗੜ੍ਹ ਮਨੀਸ਼ਾ ਰਾਣਾ ਪੁੱਜੇ।
ਅਧਿਕਾਰੀਆਂ ਪੀੜਤ ਵਿਅਕਤੀਆਂ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ ਕਿ ਨੁਕਸਾਨ ਸਬੰਧੀ ਪਟਵਾਰੀ ਨੂੰ ਰਿਪੋਰਟ ਬਣਾਉਣ ਲਈ ਕਹਿ ਦਿੱਤਾ ਹੈ ਜੋ ਜਲਦ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਮੀਂਹ ਦਾ ਪਾਣੀ ਖੜ੍ਹਨ ਕਾਰਨ ਨਰਮੇ ਦੀ ਫਸਲ ਹੋਈ ਬਰਬਾਦ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਪਿੰਡਾਂ ਵਿੱਚ ਪਿਛਲੇ ਦਿਨੀਂ ਪਿਆ ਭਾਰੀ ਮੀਂਹ ਦਾ ਪਾਣੀ ਕਿਸਾਨਾਂ ਦੀ ਨਰਮੇ ਦੀ ਫਸਲ ਵਿੱਚ ਭਰ ਗਿਆ ਜਿਸ ਕਾਰਨ ਖੇਤਾਂ ਵਿੱਚ ਖੜੀਆਂ ਫਸਲਾਂ ਖ਼ਰਾਬ ਹੋ ਚੁੱਕੀਆਂ ਹਨ। ਪਿੰਡ ਰੋੜੀ ਦੇ ਕਿਸਾਨ ਜਗਸੀਰ ਸਿੰਘ, ਪ੍ਰੀਤਮ ਸਿੰਘ ਅਤੇ ਸ਼ਹਜਿੰਦਰ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਖੜੀ ਨਰਮੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਜਗਸੀਰ ਸਿੰਘ ਨੇ ਦੱਸਿਆ ਕਿ ਉਨਾਂ ਆਪਣੇ ਖੇਤ ਵਿੱਚ ਨਰਮੇ ਦੀ ਅਗੇਤੀ ਬਿਜਾਈ ਕੀਤੀ ਗਈ ਸੀ ਅਤੇ ਨਰਮੇ ਦੀ ਫਸਲ ਬਹੁਤ ਹੀ ਵਧੀਆ ਖੜੀ ਸੀ ਪਰ ਭਾਰੀ ਮੀਂਹ ਨੇ ਫਸਲ ਬਰਬਾਦ ਕਰ ਦਿੱਤੀ। ਉਹ ਪਿਛਲੇ ਦੋ ਦਿਨਾਂ ਤੋਂ ਆਪਣੇ ਟਰੈਕਟਰ ’ਤੇ ਪੰਪ ਲਾ ਕੇ ਪਾਣੀ ਕੱਢਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਤਰ੍ਹਾਂ ਕਿਸਾਨ ਸ਼ਹਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੀ ਨਰਮੇ ਦੀ ਫਸਲ ਮੀਂਹ ਦਾ ਪਾਣੀ ਖੇਤ ’ਚ ਭਰਨ ਕਾਰਨ ਫਸਲ ਸੁੱਕ ਕੇ ਬਰਬਾਦ ਹੋ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚ ਸਰਵੇ ਕਰਵਾ ਕੇ ਖ਼ਰਾਬ ਹੋਈ ਫਸਲ ਦਾ ਮੁਆਵਜ਼ਾ ਦਿਵਾਇਆ ਜਾਵੇ।