ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਗਸਤ
ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਮਾਰਚ ਮਹੀਨੇ ਤੋਂ ਬੰਦ ਪਿਆ ਯੂਨਿਟ ਨੰਬਰ-3 ਅੱਜ ਕਾਰਜਸ਼ੀਲ ਹੋ ਗਿਆ ਹੈ। ਇਸ ਨੂੰ ਦੇਸ਼-ਵਿਦੇਸ਼ ਦੇ ਇੰਜਨੀਅਰਾਂ ਵੱਲੋਂ ਦੋ ਦਿਨ ਪਹਿਲਾਂ ਲਾਈਨਅਪ ਕਰ ਦਿੱਤਾ ਗਿਆ ਸੀ ਅਤੇ ਇਸ ਨੇ ਬੀਤੀ ਰਾਤ ਤੋਂ ਅੱਧੀ ਸਮਰੱਥਾ ’ਤੇ ਉੱਤਰੀ ਗਰਿੱਡ ਨੂੰ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤਾਪ ਘਰ ਦੇ ਯੂਨਿਟ ਨੰਬਰ-3 ਅਤੇ ਯੂਨਿਟ ਨੰਬਰ-1 ਤੋਂ ਬਿਜਲੀ ਦੀ ਪੈਦਾਵਾਰ ਬੰਦ ਹੋਣ ਕਾਰਨ ਸੂਬੇ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਸੀ। ਬਾਅਦ ਵਿੱਚ ਇਸ ਦੇ ਯੂਨਿਟ ਨੰਬਰ-2 ਵਿੱਚ ਵੀ ਤਕਨੀਕੀ ਨੁਕਸ ਪੈਣ ਕਾਰਨ ਸਪਲਾਈ ਬੰਦ ਹੋ ਗਈ ਸੀ, ਜਿਸ ਕਾਰਨ ਸੂਬੇ ਨੂੰ ਬਾਹਰੋਂ ਮਹਿੰਗੀ ਬਿਜਲੀ ਲੈਣੀ ਪਈ ਸੀ। ਤਾਪ ਘਰ ਦੇ ਪ੍ਰਬੰਧਕਾਂ ਅਨੁਸਾਰ ਯੂਨਿਟ ਨੰਬਰ-3 ਨੂੰ ਸਾਰਾ ਖੋਲ੍ਹ ਕੇ ਦੁਬਾਰਾ ਬੰਨ੍ਹਿਆ ਗਿਆ ਹੈ। ਹੁਣ ਮਾਹਿਰਾਂ ਦੀ ਟੀਮ ਬੰਦ ਪਿਆ ਇੱਕੋ-ਇੱਕ ਯੂਨਿਟ ਨੰਬਰ-1 ਠੀਕ ਕਰਨ ਲਈ ਜੁਟ ਗਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਦੋਵੇਂ ਯੂਨਿਟ 1,320 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ ਪਰ ਸੂਬੇ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਦੋਵਾਂ ਨੂੰ ਅੱਧੀ-ਅੱਧੀ ਸਮਰੱਥਾ ’ਤੇ ਕਾਰਜਸ਼ੀਲ ਕੀਤਾ ਗਿਆ ਹੈ।
ਸ਼ਾਨਨ ਪਾਵਰ ਹਾਊਸ ਨੇ ਬਿਜਲੀ ਪੈਦਾਵਾਰ ’ਚ ਰਿਕਾਰਡ ਬਣਾਇਆ
ਪਟਿਆਲਾ (ਰਵੇਲ ਸਿੰਘ ਭਿੰਡਰ): ਪਾਵਰਕੌਮ ਦੇ ਸ਼ਾਨਨ ਪਾਵਰ ਹਾਊਸ ਪ੍ਰਾਜੈਕਟ ਜੋਗਿੰਦਰ ਨਗਰ ਨੇ ਹਾਈਡਲ ਬਿਜਲੀ ਦੀ ਪੈਦਾਵਾਰ ਕਰਨ ਵਿੱਚ ਆਪਣੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦਿਆਂ ਮਹੀਨਾਵਾਰ ਉਤਪਾਦਨ ਪੱਖੋਂ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਪ੍ਰਾਜੈਕਟ ਨੇ ਜੁਲਾਈ 2021 ਵਿੱਚ 83.168 ਮਿਲੀਅਨ ਯੂਨਿਟ ਬਿਜਲੀ ਪੈਦਾ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਅਹਿਮ ਗੱਲ ਹਾਈਡਲ ਦੇ ਇਸ ਪ੍ਰਾਜੈਕਟ ਨੇ ਇਹ ਨਵਾਂ ਰਿਕਾਰਡ ਆਪਣੇ ਚਾਲੂ ਹੋਣ ਤੋਂ ਹੁਣ ਤੱਕ ਦਾ ਤੋੜਿਆ ਹੈ। ਦੱਸਣਯੋਗ ਹੈ ਕਿ ਇਹ ਪ੍ਰਾਜੈਕਟ 1932 ਵਿੱਚ ਚਾਲੂ ਹੋਇਆ ਸੀ ਜੋ ਦੇਸ਼ ਦੇ ਮੰਨੇ-ਪ੍ਰਮੰਨੇ ਹਾਈਡਲ ਪ੍ਰਾਜੈਕਟਾਂ ’ਚੋਂ ਇੱਕ ਮੰਨਿਆ ਜਾ ਰਿਹਾ ਹੈ। ਪਾਵਰਕੌਮ ਦੇ ਸੀਐੱਮਡੀ ਏ ਵੇਣੂ ਪ੍ਰਸਾਦ ਨੇ ਕਿਹਾ ਕਿ ਪਾਵਰਕੌਮ ਦੇ ਇਸ ਵੱਕਾਰੀ ਪ੍ਰਾਜੈਕਟ ਦਾ ਪਿਛਲਾ ਰਿਕਾਰਡ ਜੁਲਾਈ 1997 ਵਿੱਚ 82.054 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਦਾ ਸੀ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਨੇ ਪਹਿਲੀ ਵਾਰ 101.62 ਫ਼ੀਸਦੀ ਮਾਸਿਕ ਪਲਾਂਟ ਲੋਡ ਫੈਕਟਰ ਪ੍ਰਾਪਤ ਕਰ ਕੇ ਵੱਖਰਾ ਇਤਿਹਾਸ ਵੀ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਜਦੋਂ ਬਿਜਲੀ ਦੀ ਭਾਰੀ ਘਾਟ ਬਣੀ ਹੋਈ ਸੀ ਤਾਂ ਸ਼ਾਨਨ ਪਾਵਰ ਹਾਊਸ ਨੇ ਆਪਣੀ ਸਥਾਪਤ ਸਮਰੱਥਾ 110 ਮੈਗਾਵਾਟ ਤੋਂ ਵੱਧ ਅਤੇ 4 ਮੈਗਾਵਾਟ ਵਧੇਰੇ ਬਿਜਲੀ ਪੈਦਾ ਕਰ ਕੇ ਪਾਵਰਕੌਮ ਦਾ ਹੱਥ ਵਟਾਇਆ ਸੀ। ਉਨ੍ਹਾਂ ਹਾਈਡਲ ਪ੍ਰਾਜੈਕਟ ਦੀ ਇਸ ਪ੍ਰਾਪਤੀ ਦਾ ਸਿਹਰਾ ਇਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਤੇ ਸਮਰਪਣ ਨੂੰ ਦਿੱਤਾ। ਦੱਸਣਯੋਗ ਹੈ ਕਿ ਇਸ ਹਾਈਲਡ ਪ੍ਰਾਜੈਕਟ ਵਿੱਚ ਪੰਦਰਾਂ-ਪੰਦਰਾਂ ਮੈਗਵਾਟ ਦੀਆਂ ਚਾਰ ਉਤਪਾਦਨ ਯੂਨਿਟਾਂ ਤੋਂ ਇਲਾਵਾ ਇੱਕ ਪੰਜਾਹ ਮੈਗਾਵਾਟ ਆਧਾਰਤ ਉਤਪਾਦ ਯੂਨਿਟ ਸਥਾਪਤ ਹੈ।