ਸਤਵਿੰਦਰ ਬਸਰਾ
ਲੁਧਿਆਣਾ, 1 ਅਗਸਤ
ਇਥੋਂ ਦੇ ਟਿੱਬਾ ਰੋਡ ’ਤੇ ਲਗਪਗ ਸਾਰੀਆਂ ਸੜਕਾਂ ਨਵੀਆਂ ਬਣਾਉਣ ਦਾ ਕੰਮ ਸ਼ੁਰੂ ਹੋਣ ਕਰਕੇ ਆਸ-ਪਾਸੇ ਰਹਿੰਦੇ ਲੋਕਾਂ ਨੂੰ ਆਪਣੇ ਕੰਮਕਾਜ ’ਤੇ ਜਾਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੇ ਮੌਸਮ ਵਿੱਚ ਚਿੱਕੜ ਹੋਣ ਕਾਰਨ ਲੋਕਾਂ ਦੀ ਮੁਸ਼ਕਲ ਹੋਰ ਵਧ ਜਾਂਦੀ ਹੈ। ਕਈ ਵਾਰ ਸੜਕ ਤੋਂ ਲੰਘਦੇ ਵਾਹਨਾਂ ਰਾਹੀਂ ਇੱਥੇ ਪਏ ਪੱਥਰਾਂ ਨਾਲ ਦੁਕਾਨਾਂ ਦੇ ਸ਼ੀਸ਼ੇ ਟੁੱਟ ਜਾਂਦੇ ਹਨ। ਇਸ ਦੇ ਮੱਦੇਨਜ਼ਰ ਲੋਕਾਂ ਨੇ ਪ੍ਰਸ਼ਾਸਨ ਨੂੰ ਸੜਕਾਂ ਦਾ ਕੰਮ ਜਲਦੀ ਨੇਪੜੇ ਚਾੜ੍ਹਨ ਦੀ ਅਪੀਲ ਕੀਤੀ ਹੈ। ਕਿਸੇ ਵੀ ਇਲਾਕੇ ਦਾ ਵਿਕਾਸ ਹੋਣਾ ਚੰਗੀ ਗੱਲ ਹੈ ਪਰ ਜੇਕਰ ਸਾਰੇ ਪਾਸੇ ਵਿਕਾਸ ਕਾਰਜ ਇੱਕੋ ਸਮੇਂ ਸ਼ੁਰੂ ਕਰਨ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਵਧਾ ਹੋਵੇ ਤਾਂ ਅਜਿਹਾ ਮਸਲਾ ਪ੍ਰਸ਼ਾਸਨ ਦਾ ਧਿਆਨ ਮੰਗਦਾ ਹੈ। ਸਥਾਨਕ ਟਿੱਬਾ ਰੋਡ ਨੂੰ ਜੀਟੀ ਰੋਡ ਅਤੇ ਤਾਜਪੁਰ ਰੋਡ ਨਾਲ ਜੋੜਨ ਵਾਲੀਆਂ ਸੜਕਾਂ ਨਵੀਆਂ ਬਣਦੀਆਂ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਟਿੱਬਾ ਰੋਡ ਦੀਆਂ ਲਗਭਗ ਸਾਰੀਆਂ ਸੜਕਾਂ ਪਿਛਲੇ ਕਈ ਮਹੀਨਿਆਂ ਤੋਂ ਸੀਮਿੰਟ ਦੀਆਂ ਬਣਾਈਆਂ ਜਾ ਰਹੀਆਂ ਹਨ। ਇਸ ਕਰਕੇ ਆਲੇ-ਦੁਆਲੇ ਦੀਆਂ ਬਸਤੀਆਂ ਵਿੱਚ ਰਹਿੰਦੇ ਲੋਕਾਂ ਨੂੰ ਸਵੇਰੇ-ਸ਼ਾਮ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ। ਹੈਰਾਨੀ ਤਾਂ ਇਹ ਹੈ ਕਿ ਇਹ ਸੜਕਾਂ ਗਲੀਆਂ ਨਾਲੋਂ ਵੀ ਕਰੀਬ ਇੱਕ-ਇੱਕ ਫੁੱਟ ਉੱਚੀਆਂ ਬਣਾਈਆਂ ਜਾ ਰਹੀਆਂ। ਇਸ ਕਾਰਨ ਕੁਝ ਸਾਲ ਪਹਿਲਾਂ ਨਵੀਆਂ ਬਣਾਈਆਂ ਗਲੀਆਂ ਵੀ ਨੀਵੀਆਂ ਹੋ ਗਈਆਂ ਹਨ, ਜਿਸ ਕਰਕੇ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਗਲੀਆਂ ਦੇ ਮੌੜਾਂ ’ਤੇ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕਾਂ ਥੋੜ੍ਹੀਆਂ ਉੱਚੀਆਂ ਬਣਾਈਆਂ ਜਾਣ ਤਾਂ ਜੋ ਪਾਣੀ ਨਿਕਾਸੀ ਵਿੱਚ ਕੋਈ ਰੁਕਾਵਟ ਪੇਸ਼ ਨਾ ਆਵੇ।