ਪਾਲ ਸਿੰਘ ਨੌਲੀ
ਜਲੰਧਰ, 14 ਨਵੰਬਰ
ਬਾਲ ਦਿਵਸ ਮੌਕੇ ਸਵੇਰੇ ਇੱਥੋਂ ਸੂਬਾ ਪੱਧਰੀ ਸੜਕ ਸੁਰੱਖਿਆ ਮੁਹਿੰਮ ‘ਨੋ-ਚਲਾਨ ਡੇਅ’ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਾਦਸਿਆਂ ਵਿੱਚ ਜਾਣ ਵਾਲੀ ਹਰ ਜਾਨ ਪੂਰੇ ਰਾਸ਼ਟਰ ਦਾ ਨੁਕਸਾਨ ਹੈ।
ਸੂਬੇ ਵਿੱਚ ਸੜਕੀ ਮੌਤਾਂ ਦੀ ਔਸਤ ਉੱਚ ਦਰ ’ਤੇ ਚਿੰਤਾ ਜ਼ਾਹਰ ਕਰਦਿਆਂ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਖੇਤਰਾਂ ਦੇ ਅੰਦਰ ਘੱਟ ਅਤੇ ਸੁਰੱਖਿਅਤ ਗਤੀ ਸੀਮਾ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਦਸਿਆਂ ਤੋਂ ਬਚਣ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਦੇ ਮਿਸ਼ਨ ਵਿੱਚ ਜਿੱਤ ਪ੍ਰਾਪਤ ਕਰਨ ਲਈ, ਅੱਜ ਇੱਕ ਠੋਸ ਪਹੁੰਚ, ਜਿਸ ਵਿੱਚ ਹਰ ਵੱਲੋਂ ਇੱਕ ਸਰਗਰਮ ਭਾਗੀਦਾਰ ਵਜੋਂ ਭੂਮਿਕਾ ਨਿਭਾਈ ਜਾਂਦੀ ਹੈ, ਦੀ ਲੋੜ ਹੈ। ਇਥੇ ਬੀਐੱਮਸੀ ਚੌਕ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਉਂਦੇ ਹੋਏ ਮੰਤਰੀ ਨੇ ਜਿੱਥੇ ਉਨ੍ਹਾਂ ਨੂੰ ਆਵਾਜਾਈ ਦੇ ਨਿਯਮਾਂ ਦਾ ਪਾਲਣਾ ਕਰਨ ਦੀ ਅਪੀਲ ਕੀਤੀ, ਉੱਥੇ ਪਹਿਨਣ ਲਈ ਉਨ੍ਹਾਂ ਨੂੰ ਨਵੇਂ ਹੈਲਮੈਟ ਵੀ ਦਿੱਤੇ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸੜਕ ਹਾਦਸਿਆਂ ਵਿੱਚ ਰੋਜ਼ਾਨਾ 10-12 ਕੀਮਤੀ ਜਾਨਾਂ ਗਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਲਈ ਸੁਰੱਖਿਅਤ ਸੜਕੀ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਹੁਣੇ ਕਾਰਵਾਈ ਨਾ ਕੀਤੀ ਤਾਂ ਇਹ ਬਹੁਤ ਹੀ ਅਫ਼ਸੋਸਨਾਕ ਹੋਵੇਗਾ। ਅੱਜ ਪੰਜਾਬ ਭਰ ਵਿੱਚ 100 ਥਾਵਾਂ ’ਤੇ ਸ਼ੁਰੂ ਕੀਤੀ ਇਹ ਨਿਵੇਕਲੀ ਪਹਿਲ ਲੰਬੇ ਸਮੇਂ ਤੱਕ ਚਲਾਈ ਜਾਣ ਵਾਲੀ ਸੜਕ ਸੁਰੱਖਿਆ ਮੁਹਿੰਮ ਦਾ ਇੱਕ ਹਿੱਸਾ ਹੈ ਅਤੇ ਇਸ ਦਾ ਉਦੇਸ਼ ਮਿਸ਼ਨ ਨੂੰ ਇੱਕ ਜਨ ਅੰਦੋਲਨ ਬਣਾ ਕੇ ਯਾਤਰੀਆਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਮੰਤਰੀ ਨੇ ਕਿਹਾ ਕਿ ਸਾਡੇ ਵੱਲੋਂ ਮਹੀਨੇ ਵਿੱਚ ਦੋ ਵਾਰ ਇਸ ਪਹਿਲਕਦਮੀ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਪਹੁੰਚਣ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਵੱਲੋਂ ਸੂਬੇ ਭਰ ਦੇ ਸਾਰੇ ਬੱਸ ਸਟੈਂਡਾਂ ’ਤੇ ਸੁਰੱਖਿਆ ਅਤੇ ਸੈਨੀਟੇਸ਼ਨ ਪ੍ਰੋਟੋਕੋਲ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਕਾਇਮ ਰੱਖਣ ਲਈ ਵਿਭਾਗ ਦੀ ਪੰਦਰਵਾੜਾ ਮੁਹਿੰਮ ਦੇ ਹਿੱਸੇ ਵਜੋਂ ਮੋਗਾ ਬੱਸ ਸਟੈਂਡ ਦਾ ਨਿਰੀਖਣ ਕੀਤਾ ਗਿਆ।
ਹੈਲਮੇਟ ਨਾ ਪਾਉਣ ਵਾਲਿਆਂ ਨੂੰ ਫੁੱਲ ਭੇਟ
ਫਗਵਾੜਾ( ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੀ ਮੁਹਿੰਮ ਤਹਿਤ ਅੱਜ ਬੱਸ ਸਟੈਂਡ ਵਿੱਚ ਟਰੈਫ਼ਿਕ ਪੁਲੀਸ ਵੱਲੋਂ ਯੂਥ ਕਾਂਗਰਸ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦਿਹਾੜੇ ਨੂੰ ਨੋ ਚਲਾਨ ਡੇਅ ਵਜੋਂ ਮਨਾਇਆ ਤੇ ਹੈਲਮੇਟ ਨਾ ਪਹਿਨਣ ਵਾਲਿਆਂ ਨੂੰ ਗੁਲਾਬ ਦੇ ਫੁਲ ਭੇਟ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰ ਦੀ ਖ਼ਾਤਰ ਹੈਲਮਟ ਜ਼ਰੂਰ ਪਹਿਨਣ। ਇਸ ਮੌਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁਕਾਈ ਗਈ।
ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਿਆ ਹੈ, ਜਿਸਦੇ ਤਹਿਤ ਅੱਜ ਪੁਲੀਸ ਕਮਿਸ਼ਨਰੇਟ ਵੱਲੋਂ ਸ਼ਹਿਰ ਵਿੱਚ ‘ਨੋ ਚਲਾਨ ਡੇਅ’ ਮਨਾਇਆ ਗਿਆ। ਇਸ ਸਬੰਧੀ ਸ਼ਹਿਰ ਦੇ ਵੱਖ-ਵੱਖ ਇਲਾਕੇ ਭਾਈ ਘਨੱਈਆਂ ਜੀ ਮਾਰਕਿਟ ਨੇੜੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਾਲ ਗੇਟ, ਪੁਤਲੀਘਰ ਚੌਕ ਅਤੇ ਨਾਵਲਟੀ ਚੌਕ ਵਿੱਚ ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਹਾਲ ਗੇਟ ਵਿੱਚ ਵਿਧਾਇਕ ਸੁਨੀਲ ਦੱਤੀ ਅਤੇ ਪੁਲੀਸ ਦੇ ਅਧਿਕਾਰੀ ਰਛਪਾਲ ਸਿੰਘ ਵੱਲੋਂ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਇਸ਼ਤਿਹਾਰ ਵੰਡੇ ਗਏ। ਭਾਈ ਘਨੱਈਆ ਜੀ ਮਾਰਕੀਟ ਵਿੱਚ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ, ਪੁਲੀਸ ਅਧਿਕਾਰੀ ਗੋਰਵ ਤੂਰਾ ਦੀ ਅਗਵਾਈ ਹੇਠ ਲੋਕਾਂ ਨੂੰ ਪੁਲੀਸ ਨੇ ਟਰੈਫਿਕ ਦੀ ਨਿਯਮਾਂ ਦੀ ਪਾਲਣਾ ਸਬੰਧੀ ਸਹੁੰ ਚੁਕਾਈ। ਨਾਵਲਟੀ ਚੌਕ ਵਿਚ ਐਨ.ਐਸ.ਯੂ.ਆਈ ਦੇ ਪ੍ਰਧਾਨ ਅਕਸ਼ੈ ਕੁਮਾਰ ਅਤੇ ਪੁਲੀਸ ਅਧਿਕਾਰੀ ਹਰਵਿੰਦਰ ਸਿੰਘ, ਪੁਤਲੀਘਰ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮਮਤਾ ਦੱਤਾ ਅਤੇ ਪੁਲੀਸ ਅਧਿਕਾਰੀਆਂ ਵਲੋਂ ਸੜਕ ਸੁਰੱਖਿਆ ਨਿਯਮਾਂਵਲੀ ਕਿਤਾਬਾਂ ਵੀ ਵੰਡੀਆਂ ਗਈਆਂ।