ਪੱਤਰ ਪ੍ਰੇਰਕ
ਤਰਨ ਤਾਰਨ, 2 ਜੁਲਾਈ
ਸਰਕਾਰ ਵਲੋਂ ਮੰਗਾਂ ਮੰਨ ਲੈਣ ਤੇ 13 ਮਈ ਤੋਂ ਅਣਮਿਥੇ ਸਮੇਂ ਦੀ ਹੜਤਾਲ ਤੇ ਚਲੇ ਆ ਰਹੇ ਸਫਾਈ ਸੇਵਕ ਅੱਜ ਹੜਤਾਲ ਖਤਮ ਕਰਕੇ ਆਪੋ-ਆਪਣੇ ਕੰਮਾਂ ਨੇ ਵਾਪਸ ਚਲੇ ਗਏ| 51 ਵੇਂ ਦਿਨ ਵਿੱਚ ਦਾਖ਼ਲ ਹੋਈ ਹੜਤਾਲ ਨੂੰ ਖ਼ਤਮ ਲਈ ਸਥਾਨਕ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਅੱਜ ਇਥੇ ਇਕ ਜੇਤੂ ਰੈਲੀ ਕਰਕੇ ਹੜਤਾਲ ਦੌਰਾਨ ਦਿਖਾਈ ਏਕਤਾ ਤੇ ਖੁਸ਼ੀ ਦਾ ਪ੍ਰਗਟਾਵਾਂ ਕੀਤਾ| ਇਸ ਮੌਕੇ ਇਕੱਠੇ ਹੋਏ ਸਫਾਈ ਸੇਵਕਾਂ ਨੂੰ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਪ੍ਰਤੀਨਿਧੀ ਕਰਮਜੀਤ ਸਿੰਘ ਭੋਲਾ ਨੇ ਸੰਬੋਧਨ ਕਰਦਿਆਂ ਸਰਕਾਰ ਵਲੋਂ ਕੀਤੇ ਐਲਾਨ ਅਨੁਸਾਰ ਇਕ ਮਹੀਨੇ ਦੇ ਅੰਦਰ-ਅੰਦਰ ਸਫਾਈ ਸੇਵਕਾਂ, ਸੀਵਰਮੈਨ ਆਦਿ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਮੰਨੀਆਂ ਹੋਰ ਮੰਗਾਂ ਲਾਗੂ ਕਰਨ ਦਾ ਯਕੀਨ ਦਿੱਤਾ| ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਬੰਧੀ ਅੰਦੋਲਨ ਦੀ ਅਗਵਾਈ ਕਰਦੀ ਜਥੇਬੰਦੀ ਨੇ ਇਹ ਹੜਤਾਲ ਦੋ ਮਹੀਨੇ ਲਈ ਮੁਲਤਵੀ ਕੀਤਾ ਹੈ। ਇਸ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਤੇ ਫਿਰ ਤੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ|ਇਸ ਮੌਕੇ ਸੁਰਜੀਤ ਕੁਮਾਰ, ਅਜੀਤ ਸਿੰਘ, ਨਿੰਦੀ, ਸੁਰਿੰਦਰ, ਕਾਲਾ, ਨੰਦ ਲਾਲ ਨੇ ਵੀ ਸੰਬੋਧਨ ਕੀਤਾ|