ਡਾ. ਗੁਰਵਿੰਦਰ ਸਿੰਘ
ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਜਦੋਂ 29 ਮਾਰਚ 1917 ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਿਆ ਸੀ, ਉਸ ਤੋਂ ਇਕ ਰਾਤ ਬਾਅਦ ਉਨ੍ਹਾਂ ਦੀ ਪਤਨੀ ਬੀਬੀ ਕਰਤਾਰ ਕੌਰ ਲਾਹੌਰ ਜੇਲ੍ਹ ਵਿਚ ‘ਆਖਰੀ ਮੁਲਾਕਾਤ’ ਲਈ ਪਹੁੰਚੀ, ਤਦ ਉਸ ਨੂੰ ਦੱਸਿਆ ਗਿਆ ਕਿ ਕੱਲ੍ਹ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਉਸ ਮੌਕੇ ’ਤੇ ਜੇਲ੍ਹਰ ਨੇ ਬੀਬੀ ਕਰਤਾਰ ਕੌਰ ਨੂੰ ਭਾਈ ਸਾਹਿਬ ਜੀ ਦੇ ਨਿੱਜੀ ਸਾਮਾਨ ਵਿਚ ਜੋ ਕੁਝ ਸੌਂਪਿਆ, ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੋਟੀ ਬੀੜ ਸਾਹਿਬ। ਭਾਈ ਸਾਹਿਬ ਦੇ ਜੀਵਨ ਦਾ ਹਰ ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਜਬਰ- ਜ਼ੁਲਮ ਤਸ਼ੱਦਦ, ਗ਼ੁਲਾਮੀ ਅਤੇ ਅਣਮਨੁੱਖੀ ਵਰਤਾਰੇ ਖ਼ਿਲਾਫ਼ ਲੜ ਮਰਨ ਦਾ ਸੀ। ਜਦੋਂ ਉਨ੍ਹਾਂ ਨੂੰ ਬੈਂਕਾਕ ਵਿਚ ਪਹਿਲੀ ਅਗਸਤ 1915 ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਵੇਲੇ ਵੀ ਉਨ੍ਹਾਂ ਕੋਲੋਂ ਜੋ ਜੇਬ੍ਹ ਡਾਇਰੀ ਮਿਲੀ, ਉਸ ਦੇ ਬਾਹਰ ਜ਼ਫ਼ਰਨਾਮਾ ਵਿਚੋਂ ਸ਼ਬਦ ਅੰਕਿਤ ਸਨ:
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
ਸੂਝਵਾਨ ਲੀਡਰ, ਬੁਲੰਦ ਆਵਾਜ਼ ਦੇ ਮਾਲਕ ਅਤੇ ਦੂਰਅੰਦੇਸ਼ ਆਗੂ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਜਦੋਂ ਬ੍ਰਿਟਿਸ਼ ਬਸਤੀਵਾਦ ਅਤੇ ਅੰਗਰੇਜ਼ ਸਾਮਰਾਜ ਦੀਆਂ ਬਦਨੀਤੀਆਂ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ 18 ਸਤੰਬਰ 1913 ਨੂੰ ਸ਼ਿਮਲੇ ’ਚ ਇਕ ਮੀਟਿੰਗ ਦੌਰਾਨ, ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੇ ਮੂੰਹ ’ਤੇ ਕੀਤੀ ਸੀ ਤਾਂ ਉਸ ਨੂੰ ਜਿਵੇਂ ਦੰਦਲ ਹੀ ਪੈ ਗਈ ਸੀ। ਇਸੇ ਕਾਰਨ ਉਸ ਨੇ ਆਪਣੀ ਕਿਤਾਬ ‘ਇੰਡੀਆ ਐਜ਼ ਆਈ ਨਿਊ’ ਦੇ ਪੰਨਾ 191 ’ਤੇ ਲਿਖਿਆ ਕਿ ਮੁਲਾਕਾਤੀਆਂ ਵਿਚੋਂ ‘ਤੀਸਰੇ ਬੰਦੇ’ (ਭਾਈ ਬਲਵੰਤ ਸਿੰਘ ਖੁਰਦਪੁਰ) ਦੇ ਤਰੀਕੇ ‘ਖ਼ਤਰਨਾਕ’ ਬਾਗ਼ੀ ਵਰਗੇ ਸਨ ਤੇ ਉਹ ਉਸ ਵਾਇਸਰਾਏ ਨੂੰ ਮਿਲਣ ਜਾ ਰਿਹਾ ਸੀ, ਜਿਸ ਨੂੰ ਖਾਸ ਤੌਰ ’ਤੇ ‘ਇਸ ਮੈਂਬਰ’ ਪ੍ਰਤੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੀ। 5 ਅਕਤੂਬਰ 1913 ਨੂੰ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਨਾਲ ਭਾਈ ਬਲਵੰਤ ਸਿੰਘ ਦੀ ਅਗਵਾਈ ਵਿਚ ਕੈਨੇਡਾ ਤੋਂ ਆਏ ਵਫ਼ਦ ਨੇ ਮੁਲਾਕਾਤ ਕੀਤੀ ਅਤੇ ਇਮੀਗ੍ਰੇਸ਼ਨ ਦੀਆਂ ਕਾਲੀਆਂ ਨੀਤੀਆਂ, ਨਸਲੀ ਵਿਤਕਰੇ, ਧੱਕੇਸ਼ਾਹੀਆਂ ਅਤੇ ਜਬਰ-ਜ਼ੁਲਮ ਬਾਰੇ ਨਿਡਰਤਾ ਨਾਲ ਵਿਚਾਰ ਰੱਖੇ।
ਅੰਗਰੇਜ਼ਾਂ ਦੇ ਗ਼ੁਲਾਮ ਭਾਰਤ ਦੇ ਮੁਖੀ ਅੱਗੇ ਛਾਤੀ ਤਾਣ ਕੇ ਗੱਲਬਾਤ ਕਰਨ ਵਾਲਾ ਸ਼ਖ਼ਸ ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸੈਕਿੰਡ ਐਵੇਨਿਊ, ਵੈਨਕੂਵਰ ਦਾ ਪਹਿਲਾ ਗ੍ਰੰਥੀ ਸਿੰਘ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗ੍ਰੰਥੀ ਸਿੰਘ ਦੇ ਰੁਤਬੇ ’ਤੇ ਸੁਸ਼ੋਭਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਕੁਰਬਾਨੀਆਂ ਭਰੀ ਸ਼ਹਾਦਤ ਦਾ ਕਿੰਨਾ ਮਹਾਨ ਇਤਿਹਾਸ ਹੈ। ਸ਼ਹੀਦ ਭਾਈ ਬਲਵੰਤ ਸਿੰਘ ਦੀ ਸ਼ਹਾਦਤ ਮੌਜੂਦਾ ਸਮੇਂ ਅਤੇ ਸਥਿਤੀ ਵਿਚ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ, ਜਿੰਨੀ ਇਕ ਸਦੀ ਪਹਿਲਾਂ ਸੀ।
ਪੰਜਾਬ ਦੇ ਪਿੰਡ ਖੁਰਦਪੁਰ ਜ਼ਿਲ੍ਹਾ ਜਲੰਧਰ ਵਿਖੇ ਭਾਈ ਸਾਹਿਬ ਦਾ ਜਨਮ 15 ਸਤੰਬਰ 1882 ਨੂੰ ਹੋਇਆ। ਉਨ੍ਹਾਂ ਨੇ ਆਦਮਪੁਰ ਤੋਂ ਅੱਠਵੀਂ ਤਕ ਪੜ੍ਹਾਈ ਕਰਨ ਮਗਰੋਂ ਕੁਝ ਸਮਾਂ ਫ਼ੌਜ ਵਿਚ ਨੌਕਰੀ ਵੀ ਕੀਤੀ, ਪਰ ਸੰਤ ਕਰਮ ਸਿੰਘ ਦੀ ਸੰਗਤ ਮਗਰੋਂ ਧਾਰਮਿਕ ਪ੍ਰਭਾਵ ਕਾਰਨ ਇਹ ਨੌਕਰੀ ਛੱਡ ਦਿੱਤੀ ਤੇ ਕੁਝ ਸਮੇਂ ਮਗਰੋਂ 1906 ਵਿਚ ਕੈਨੇਡਾ ਆ ਗਏ। ਇੱਥੇ ਹੀ 28 ਜੂਨ 1908 ਵਿਚ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਨਾਲ ਇਕੱਠਿਆਂ ਅੰਮ੍ਰਿਤਪਾਨ ਕੀਤਾl
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ ਦਾ ਮੁੱਢ ਬੰਨ੍ਹਦਿਆਂ ਭਾਈ ਸਾਹਿਬ ਨੇ ਕੈਨੇਡਾ ਅਤੇ ਉੱਤਰੀ ਅਮਰੀਕਾ ’ਚ ਨਾ ਸਿਰਫ਼ ਪਹਿਲਾ ਸਿੱਖੀ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ, ਬਲਕਿ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਇਕਮੁੱਠ ਹੋ ਕੇ ਸੰਘਰਸ਼ ਦਾ ਸਾਂਝਾ ਕੇਂਦਰ ਵੀ ਸਿਰਜਿਆ। ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਸਾਰੀ ਜ਼ਿੰਦਗੀ ਸੰਘਰਸ਼ ਭਰਪੂਰ ਰਹੀ। ਉਨ੍ਹਾਂ 1908 ਵਿਚ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਭੇਜਣ ਦੀ ਸਾਜ਼ਿਸ਼ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਨਾਲ ਮਿਲ ਕੇ ਨਾਕਾਮ ਕੀਤਾ। ਅੱਜ ਜੇਕਰ ਭਾਰਤੀ ਇੰਮੀਗ੍ਰੰਟ ਕੈਨੇਡਾ ਵਿਚ ਵਸੇ ਹੋਏ ਹਨ ਤਾਂ ਇਹ ਭਾਈ ਬਲਵੰਤ ਸਿੰਘ ਦੀ ਦੇਣ ਹੈ। ਦੂਸਰਾ, ਕੈਨੇਡਾ ਵਿਚ ਭਾਰਤੀ ਲੋਕਾਂ ਦੇ ਪਰਿਵਾਰਾਂ ਨੂੰ ਆਉਣ ਦੀ ਆਗਿਆ ਨਹੀਂ ਸੀ, ਜਦੋਂਕਿ ਹੋਰ ਮੁਲਕਾਂ ਤੋਂ ਲੋਕ ਪਰਿਵਾਰਾਂ ਸਮੇਤ ਆ ਵਸੇ ਸਨ। ਇਸ ਖ਼ਿਲਾਫ਼ ਸੰਘਰਸ਼ ਦਾ ਮੁੱਢ ਵੀ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਨੇ ਬੰਨ੍ਹਿਆ ਅਤੇ 21 ਜਨਵਰੀ 1912 ਨੂੰ ਅਨੇਕਾਂ ਕਸ਼ਟ ਝੱਲ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਵੈਨਕੂਵਰ ਪੁੱਜੇ, ਹਾਲਾਂਕਿ ਭਾਈ ਸਾਹਿਬ ਦੀ ਪਤਨੀ ਬੀਬੀ ਕਰਤਾਰ ਕੌਰ ਅਤੇ ਦੋ ਪੁੱਤਰੀਆਂ ਚਾਰ ਸਾਲਾ ਊਧਮ ਕੌਰ ਤੇ ਇਕ ਸਾਲਾ ਨਿਰੰਜਣ ਕੌਰ ਨੂੰ ਕੈਨੇਡਾ ਦੀ ਧਰਤੀ ’ਤੇ ਉਤਰਨ ਨਾ ਦਿੱਤਾ ਗਿਆ ਅਤੇ ਇੱਥੋਂ ਵਾਪਸ ਮੋੜਨ ਦੇ ਹੁਕਮ ਦਿੱਤੇ, ਪਰ ਵੈਨਕੂਵਰ ਦੇ ਸਿੱਖਾਂ ਦੇ ਤਿੱਖੇ ਸੰਘਰਸ਼ ਅਤੇ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਦੀ ਸੂਝਬੂਝ ਸਦਕਾ, ਇਮੀਗਰੇਸ਼ਨ ਵਿਭਾਗ ਨੂੰ ਗੋਡੇ ਟੇਕਣੇ ਪਏ ਅਤੇ ਪਰਿਵਾਰਾਂ ਨੂੰ 3 ਜੂਨ 1912 ਨੂੰ ਕੈਨੇਡੀਅਨ ਸਰਕਾਰ ਵੱਲੋਂ ਆਖਰਕਾਰ ਕੈਨੇਡਾ ਵਿਚ ਦਾਖਲ ਹੋਣ ਦਿੱਤਾ ਗਿਆ।
ਭਾਈ ਸਾਹਿਬ ਦੇ ਪਰਿਵਾਰ ਦੇ ਕੈਨੇਡਾ ਆਉਣ ਨਾਲ ਨਾ ਸਿਰਫ਼ ਆਰਜ਼ੀ ਰੂਪ ਵਿਚ ਇਸਤਰੀਆਂ ਤੇ ਪਰਿਵਾਰਾਂ ਦੀ ਆਮਦ ਦਾ ਮੁੱਢ ਬੱਝਿਆ, ਬਲਕਿ 28 ਅਗਸਤ 1912 ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਬੀਬੀ ਕਰਤਾਰ ਕੌਰ ਦੀ ਕੁੱਖੋਂ ਜਨਮਿਆ ਬੱਚਾ ਹਰਦਿਆਲ ਸਿੰਘ ‘ਕੈਨੇਡਾ ਦੀ ਧਰਤੀ ’ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ’ ਅਤੇ ਅਣਵੰਡੇ ਭਾਰਤ ਤੋਂ ਪਰਵਾਸ ਕਰਕੇ ਆਏ ਪਰਿਵਾਰ ਦਾ ਪਹਿਲਾ ਬਾਲਕ ਵੀ ਬਣਿਆ। ਪਰਿਵਾਰ ਦੇ ਇਸ ਆਰਜ਼ੀ ਪਰਵਾਸ ਮਗਰੋਂ ਵੀ ਭਾਈ ਸਾਹਿਬ ਨੇ ਕੈਨੇਡਾ ’ਚ ਇਮੀਗ੍ਰੰਟ ਪਰਿਵਾਰਾਂ ਲਈ ਬੂਹੇ ਖੋਲ੍ਹਣ ਵਾਸਤੇ ਲੰਮਾ ਸੰਘਰਸ਼ ਕੀਤਾ। ਇਕ ਸਦੀ ਪਹਿਲਾਂ ਜਦੋਂ ਕੈਨੇਡਾ ਵਿਚ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਸੀ ਅਤੇ ਪਰਵਾਸੀ ਲੋਕਾਂ ਨੂੰ ਸਸਕਾਰ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਸੀ, ਲੋਕ ਲੁਕ-ਛਿਪ ਕੇ ਜੰਗਲ ਵਿਚ ਦੂਰ-ਦੁਰਾਡੇ ਬਰਫ਼ ਤੇ ਮੀਂਹ ਪੈਂਦਿਆਂ ਮ੍ਰਿਤਕਾਂ ਦਾ ਸਸਕਾਰ ਕਰਦੇ ਸਨ, ਉਸ ਵੇਲੇ ਭਾਈ ਬਲਵੰਤ ਸਿੰਘ ਨੇ ਹੋਰਨਾਂ ਆਗੂਆਂ ਨਾਲ ਮਿਲ ਕੇ ਸ਼ਮਸ਼ਾਨ ਭੂਮੀ ਲਈ ਕੁਝ ਜ਼ਮੀਨ ਖ਼ਰੀਦੀ ਅਤੇ ਸਸਕਾਰ ਕਰਨ ਦਾ ਇੰਤਜ਼ਾਮ ਕਰਕੇ ਸਭਨਾਂ ਨੂੰ ਵੱਡੀ ਰਾਹਤ ਦਿਵਾਈ।
ਜਿਸ ਵੇਲੇ ‘ਗ਼ਦਰ ਪਾਰਟੀ’ ਦਾ ਉੱਤਰੀ ਅਮਰੀਕਾ ਵਿਚ ਅਜੇ ਮੁੱਢ ਬੰਨ੍ਹਿਆ ਜਾ ਰਿਹਾ ਸੀ, ਉਸ ਵੇਲੇ ਭਾਈ ਸਾਹਿਬ ਦੀ ਅਗਵਾਈ ਵਿਚ 14 ਮਾਰਚ 1913 ਨੂੰ ਤਿੰਨ ਮੈਂਬਰੀ ਵਫ਼ਦ, ਲੰਡਨ ਅਤੇ ਭਾਰਤ ਜਾ ਕੇ ਅੰਗਰੇਜ਼ ਸਾਮਰਾਜ ਦੇ ਅਸਲ ਚਿਹਰੇ ਨੂੰ ਨੰਗਾ ਕਰਨ ਦਾ ਸੰਘਰਸ਼ ਸ਼ੁਰੂ ਕਰ ਚੁੱਕਿਆ ਸੀ। ਇਸ ਵਫ਼ਦ ਵਿਚ ਭਾਈ ਸਾਹਿਬ ਦੇ ਸਹਿਯੋਗੀ ਅਮਰੀਕਾ ਤੋਂ ਸਿੱਖ ਪ੍ਰਤੀਨਿਧ ਨੰਦ ਸਿੰਘ ਸੀਹਰਾ ਅਤੇ ਕੈਨੇਡਾ ਤੋਂ ਭਾਈ ਨਰੈਣ ਸਿੰਘ ਚੋਬਦਾਰ ਸਨ। ਇਨ੍ਹਾਂ 13 ਸਤੰਬਰ 1913 ਤਕ ਲੰਡਨ ਤੋਂ ਲੈ ਕੇ ਭਾਰਤ ਅਤੇ ਪੰਜਾਬ ਦੇ ਕੋਨੇ -ਕੋਨੇ ਵਿਚ ਆਵਾਜ਼ ਉਠਾਈ। ਚਾਹੇ ਉਸ ਵੇਲੇ ਪੰਜਾਬ ਦੇ ਜਾਗਰੂਕ ਲੋਕਾਂ, ਲੋਕ ਪੱਖੀ ਮੀਡੀਆ ਅਤੇ ਆਮ ਵਿਅਕਤੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ, ਪਰ ਅਖੌਤੀ ਰਾਸ਼ਟਰਵਾਦੀ ਅਤੇ ਫਿਰੰਗੀਆਂ ਦੇ ਝੋਲੀ ਚੁੱਕਾਂ ਨੇ ਵਿਰੋਧ ਹੀ ਕੀਤਾ। ਗ਼ਦਰੀ ਸੂਰਮਿਆਂ ਦੇ ਅਖ਼ਬਾਰ ‘ਕਿਰਤੀ’ 1926 ਦੇ ਅੰਕ ਦੇ ਪੰਨਾ 14 ਉੱਪਰ ਲਿਖਿਆ ਹੈ ਕਿ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਨੇ ਭਾਈ ਬਲਵੰਤ ਸਿੰਘ ਹੁਰਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਕੀਤੇ ਸੰਘਰਸ਼ ਨੂੰ ‘ਕੇਵਲ ਸਿੱਖਾਂ ਦਾ ਮਸਲਾ’ ਕਹਿ ਕੇ ਉਨ੍ਹਾਂ ਦਾ ਸਾਥ ਦੇਣੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਿਚਲੇ ਅੰਗਰੇਜ਼ਾਂ ਦੇ ਪਿੱਠੂਆਂ ਨੇ ਵੀ ਭਾਈ ਸਾਹਿਬ ਦੇ ਇਤਿਹਾਸਕ ਯਤਨਾਂ ਦੀ ਵਿਰੋਧਤਾ ਕਰਕੇ ਕੌਮ ਦੀ ਪਿੱਠ ’ਚ ਛੁਰਾ ਮਾਰਿਆ। ਇਸੇ ਕਾਰਨ ਹੀ ਕੁਝ ਸਮਾਂ ਮਗਰੋਂ ਸਿੱਖ ਸੰਗਤਾਂ ਵੱਲੋਂ ਗੁਰਮਤਾ ਕਰਕੇ ਅਜਿਹੇ ਵਿਅਕਤੀਆਂ ਨੂੰ ਪੰਥ ਅਤੇ ਕੌਮ ਦੇ ਗ਼ਦਾਰ ਐਲਾਨਿਆ ਗਿਆ। ਇਤਿਹਾਸਕ ਸਰੋਤਾਂ ਅਨੁਸਾਰ ਇਨ੍ਹਾਂ ਗੁਰਮਤਿਆਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰਦਿਆਂ ਗ਼ਦਰੀ ਯੋਧਿਆਂ, ਕਾਮਾਗਾਟਾ ਮਾਰੂ ਦੇ ਮੁਸਾਫਰਾਂ, ਕੈਨੇਡਾ ਤੋਂ ਆਏ ਸਿੱਖ ਜਥਿਆਂ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਹੋਰਨਾਂ ਸ਼ਖ਼ਸੀਅਤਾਂ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਨਾਲ ਹੀ ਸੁੰਦਰ ਸਿੰਘ ਮਜੀਠੀਆ, ਅਰੂੜ ਸਿੰਘ ਸਰਬਰਾਹ ਅਤੇ ਗੁਰਬਖਸ਼ ਸਿੰਘ ਸਕੱਤਰ ਸਿੱਖ ਲੀਗ ਵਰਗਿਆਂ ਨੂੰ ਤਨਖਾਹੀਏ ਕਰਾਰ ਦੇ ਕੇ, ਉਨ੍ਹਾਂ ਨੂੰ ‘ਭਾਈ’ ਜਾਂ ‘ਸਰਦਾਰ’ ਸ਼ਬਦ ਨਾਲ ਸੰਬੋਧਨ ਨਾ ਕਰਨ ਵਾਸਤੇ ਕਿਹਾ ਗਿਆ। ਇਸ ਤੋਂ ਇਲਾਵਾ ਮਹਾਰਾਜਾ ਪਟਿਆਲਾ ਵੱਲੋਂ ਮਾਈਕਲ ਓਡਵਾਇਰ ਫੰਡ ਵਿਚ ‘ਵੀਹ ਹਜ਼ਾਰ ਰੁਪਏ’ ਜਮ੍ਹਾਂ ਕਰਵਾਉਣ ਦੀ ਕਾਰਵਾਈ ਲਈ ਲਾਹਣਤਾ ਪਾਈਆਂ ਗਈਆਂ। ‘ਸਰ’ ਸੁੰਦਰ ਸਿੰਘ ਮਜੀਠੀਆ ਮਾਈਕਲ ਓਡਵਾਇਰ ਲਈ ਫੰਡ ਇਕੱਠਾ ਕਰਨ ਵਾਲੀ ਕਮੇਟੀ ਦਾ ਮੁਖੀ ਸੀ।
ਭਾਈ ਬਲਵੰਤ ਸਿੰਘ ਖੁਰਦਪੁਰ ਨੇ ਕੈਨੇਡਾ ਪਰਤਦਿਆਂ ਆਪਣੇ ਮਿੱਤਰ ਭਾਈ ਹਰਚੰਦ ਸਿੰਘ ਲਾਇਲਪੁਰੀ ਨੂੰ ਪੱਤਰ ਲਿਖ ਕੇ ਚੀਫ ਖ਼ਾਲਸਾ ਦੀਵਾਨ ਨਾਲੋਂ ਨਾਤਾ ਤੋੜਨ ਅਤੇ ਅੰਗਰੇਜ਼ ਹਕੂਮਤ ਦਾ ਡਟਵਾਂ ਵਿਰੋਧ ਕਰਨ ਦੀ ਹਦਾਇਤ ਕੀਤੀ ਸੀ। ਕੈਨੇਡਾ ਵਾਪਸੀ ਦੌਰਾਨ ਉਹ ਕਾਮਾਗਾਟਾ ਮਾਰੂ ‘ਗੁਰੂ ਨਾਨਕ ਜਹਾਜ਼’ ਦੇ ਮੁਸਾਫ਼ਰਾਂ ਅਤੇ ਮੁਖੀ ਭਾਈ ਗੁਰਦਿੱਤ ਸਿੰਘ ਸਰਹਾਲੀ ਨੂੰ ਵੀ ਮਿਲੇ ਅਤੇ ਜਹਾਜ਼ ਦੇ ਕੈਨੇਡਾ ਪੁੱਜਣ ਤੋਂ ਦੋ ਦਿਨ ਪਹਿਲਾਂ ਵੈਨਕੂਵਰ ਪਹੁੰਚ ਗਏ। ਮੁਸਾਫ਼ਰਾਂ ਦੀ ਸਹਾਇਤਾ ਲਈ ਬਣੀ ‘ਸ਼ੋਅਰ ਕਮੇਟੀ’ ਵਿਚ ਭਾਈ ਸਾਹਿਬ ਆਗੂ ਸਨ। ਜਦੋਂ ਜਬਰੀ ਜਹਾਜ਼ ਭਾਰਤ ਮੋੜਨ ਦਾ ਫ਼ੈਸਲਾ ਕੀਤਾ ਗਿਆ ਤਾਂ ਭਾਈ ਸਾਹਿਬ ਆਪਣੇ ਸਾਥੀਆਂ ਸਮੇਤ 23 ਜੁਲਾਈ 1914 ਨੂੰ ਅਮਰੀਕਾ ਤੋਂ ਹਥਿਆਰ ਖ਼ਰੀਦਣ ਵਾਸਤੇ ਗਏ ਤਾਂ ਕਿ ਜਹਾਜ਼ ਰਾਹੀਂ ਗ਼ਦਰ ਪਾਰਟੀ ਦੇ ਲੀਡਰਾਂ ਤਕ ਪਹੁੰਚਾਏ ਜਾ ਸਕਣ, ਪਰ ਸੁੂਮਸ ਬਾਰਡਰ ’ਤੇ ਇਨ੍ਹਾਂ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜਹਾਜ਼ ਪਰਤਣ ਤੋਂ ਬਾਅਦ ਰਿਹਾਅ ਕੀਤਾ ਗਿਆ।
ਭਾਰਤ ਵਿਚੋਂ ਬ੍ਰਿਟਿਸ਼ ਬਸਤੀਵਾਦ ਦੇ ਖ਼ਾਤਮੇ ਦੇ ਸੰਘਰਸ਼ ਦੇ ਫ਼ੈਸਲੇ ਅਧੀਨ ਸਿੰਘ ਸਾਹਿਬ ਨੇ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਵੇਲੇ ਭਾਰਤ ਜਾਣ ਦਾ ਫ਼ੈਸਲਾ ਕਰ ਲਿਆ। ਭਾਈ ਬਲਵੰਤ ਸਿੰਘ ਦੀ ਖੁਰਦਪੁਰ ਆਪਣੇ ਸਾਥੀਆਂ ਭਾਈ ਬਤਨ ਸਿੰਘ ਕਾਹਰੀ ਅਤੇ ਭਾਈ ਕਰਤਾਰ ਸਿੰਘ ਚੰਦ ਨਵਾਂ ਨਾਲ ਸਾਨ- ਫਰਾਂਸਿਸਕੋ ਤੋਂ 23 ਜਨਵਰੀ 1915 ਨੂੰ ਰਵਾਨਾ ਹੋਏ ਅਤੇ ਅਨੇਕਾਂ ਚੁਣੌਤੀਆਂ ਮਗਰੋਂ 13 ਜੁਲਾਈ ਨੂੰ ਬੈਂਕਾਕ ਪੁੱਜੇ। ਇਤਿਹਾਸਕਾਰਾਂ ਅਨੁਸਾਰ ਭਾਈ ਬਲਵੰਤ ਸਿੰਘ ਬੈਂਕਾਕ ਦੇ ਹਸਪਤਾਲ ’ਚ ਜ਼ੇਰੇ ਇਲਾਜ ਸਨ, ਜਦੋਂ ਸ਼ਿਆਮ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਜੋ ਕਿ ਕੌਮਾਂਤਰੀ ਪੱਧਰ ’ਤੇ ਨਿਯਮਾਂ ਦੀ ਸਖ਼ਤ ਉਲੰਘਣਾ ਸੀ। ਅੰਗਰੇਜ਼ ਹਕੂਮਤ ਨੇ ਪਹਿਲਾਂ ਸਿੰਗਾਪੁਰ ਅਤੇ ਫਿਰ ਕਲਕੱਤੇ ਸਥਿਤ ਅਲੀਪੁਰ ਜੇਲ੍ਹ ਵਿਚ ਭਾਈ ਸਾਹਿਬ ’ਤੇ ਭਾਰੀ ਤਸ਼ੱਦਦ ਕੀਤਾ। ਜੁਲਾਈ 1916 ਵਿਚ ਉਨ੍ਹਾਂ ਨੂੰ ਪੰਜਾਬ ਲਿਜਾ ਕੇ ‘ਲਾਹੌਰ ਸੈਕਿੰਡ ਸਪਲੀਮੈਂਟਰੀ ਸਾਜ਼ਿਸ਼’ ਮੁਕੱਦਮੇ ਅਧੀਨ ਪੇਸ਼ ਕੀਤਾ ਗਿਆ। ਬੇਲਾ ਜਿਆਣ ਗ਼ੱਦਾਰ ਵੈਨਕੂਵਰ ਦੇ ਸਾਥੀ ‘ਟਾਊਟ ਗੰਗਾ ਰਾਮ’ ਦੇ ਭਰਾ ਅਮਨ ਸਹੋਤਾ, ਮੰਗਲ ਜਿਆਣ ਅਤੇ ਬੇਅੰਤ ਸਿੰਘ ਨਾਲ ਮਿਲ ਕੇ ਝੂਠੀਆਂ ਗਵਾਹੀਆਂ ਦਿੱਤੀਆਂ, ਜਿਨ੍ਹਾਂ ਦੇ ਆਧਾਰ ’ਤੇ ਭਾਈ ਸਾਹਿਬ ਨੂੰ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਅਤੇ ਗ਼ਦਰ ਮਚਾਉਣ ਵਾਲੇ ਲੋਕਾਂ ਦੇ ਆਗੂ ਵਜੋਂ ਭਾਰਤ ’ਚ ਬਗਾਵਤ ਤੇ ਕਤਲ ਕਰਵਾਉਣ ਦਾ ਜ਼ਿੰਮੇਵਾਰ ਕਰਾਰ ਦਿੰਦਿਆਂ ਇੰਡੀਅਨ ਪੀਨਲ ਕੋਡ ਅਨੁਸਾਰ ਸਜ਼ਾ-ਏ-ਮੌਤ ਸੁਣਾਈ ਗਈ ਅਤੇ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ।
ਸਿੰਘ ਸਾਹਿਬ ਸ਼ਹਾਦਤ ਪਾਉਣ ਤਕ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦੇ ਇਹ ਸ਼ਬਦ ਜ਼ਿਕਰਯੋਗ ਹਨ : ‘ਰਾਜਸੀ ਮੌਤ ਮਰਨ ਨਾਲ ਮੈਨੂੰ ਖੁਸ਼ੀ ਹੈ ਅਤੇ ਮੈਨੂੰ ਇਸ ਦਾ ਜ਼ਰਾ ਜਿੰਨਾ ਵੀ ਭੈਅ ਨਹੀਂ।’ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਗ਼ਦਰ ਲਹਿਰ ਦੇ ਯੋਧਿਆਂ ਦੇ ‘ਤਾਰਾ ਮੰਡਲ ਦਾ ਚੰਦ’ ਕਹਿ ਕੇ ਗ਼ਦਰ ਇਤਿਹਾਸ ਵਿਚ ਸਤਿਕਾਰਿਆ ਗਿਆ ਹੈ। ਦੁਖਾਂਤ ਇਸ ਗੱਲ ਦਾ ਹੈ ਕਿ ਅਜੇ ਤਕ ਨਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਹੀ ਅਤੇ ਨਾ ਹੀ ਪੰਜਾਬ ਦੇ ਸੰਘਰਸ਼ ਲਈ ਇਤਿਹਾਸ ਵਿਚ ਭਾਈ ਬਲਵੰਤ ਸਿੰਘ ਬਾਰੇ ਕੁਝ ਲਿਖਿਆ ਮਿਲਦਾ ਹੈ। ਅੰਗਰੇਜ਼ਾਂ ਤੋਂ ਮੁਆਫ਼ੀਆਂ ਮੰਗਣ ਵਾਲੇ ਸਾਵਰਕਰ ਨੂੰ ਆਜ਼ਾਦੀ ਦਾ ਨਾਇਕ ਪੇਸ਼ ਕਰਨ ਵਾਲੀ ਅੱਜ ਦੀ ਸਰਕਾਰ ਤੋਂ ਤਾਂ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਨੂੰ ਮਹਾਨ ਯੋਧਾ ਕਰਾਰ ਦੇਣ ਦੀ ਆਸ ਰੱਖਣਾ ਹੀ ਗ਼ਲਤ ਹੈ। ਦਰਅਸਲ, ਭਾਈ ਸਾਹਿਬ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹੁੰਦਿਆਂ ਉਸ ਵੇਲੇ ਦੇ ਰਾਜਸੀ ਮੁਖੀਆਂ ਨੂੰ ਚੁਣੌਤੀ ਦਿੰਦਿਆਂ, ਸਮੁੱਚੀ ਗ਼ਦਰ ਲਹਿਰ ਦੇ ਇਤਿਹਾਸ ਵਿਚ ਵਿਲੱਖਣ ਮਾਰਗ ਦਰਸ਼ਕ ਕਹੀ ਜਾ ਸਕਦੀ ਹੈ। ਸ਼ਹੀਦ ਭਾਈ ਬਲਵੰਤ ਸਿੰਘ ਦੇ ਕੁਰਬਾਨੀਆਂ ਦੇ ਇਤਿਹਾਸਕ ਪੱਖਾਂ ਨੂੰ ਵਧ ਚੜ੍ਹ ਕੇ ਪਹੁੰਚਾਉਣ ਦੀ ਲੋੜ ਹੈ, ਜਿਨ੍ਹਾਂ ਨੇ ਇਕੋ ਸਮੇਂ ‘ਵਿਚਾਰਾਂ ਅਤੇ ਹਥਿਆਰਾਂ’ ਦੇ ਸੰਘਰਸ਼ ਨਾਲ ਜ਼ਾਲਮ ਹਕੂਮਤ ਨੂੰ ਭਾਜੜਾਂ ਪਾਈਆਂ ਅਤੇ ਇਹ ਸਿੱਧ ਕਰ ਦਿੱਤਾ:
ਜਦ ਧਿਰ ਉਪਾਵਾਂ ਦੀ ਹਾਰਦੀ ਹੈ
ਤਾਂ ਜਾਇਜ਼ ਵਰਤੋਂ ਤਲਵਾਰ ਦੀ ਹੈ।
ਸੰਪਰਕ: 001 604 825 1550