ਗੁਰਮੀਤ ਸਿੰਘ*
ਸ਼ਿਕਾਰੀ ਪੰਛੀ ਤੀਸਾ ਪੰਜਾਬ ਵਿਚ ਸਰਦੀਆਂ ਵਿਚ ਪਰਵਾਸ ਕਰਦਾ ਹੈ। ਇਸ ਨੂੰ ਪੰਜਾਬੀ ਵਿਚ ਤੀਸਾ, ਅੰਗਰੇਜ਼ੀ ਵਿਚ Common Buzzard ਅਤੇ ਹਿੰਦੀ ਵਿਚ ਵੀ ਤੀਸਾ ਕਿਹਾ ਜਾਂਦਾ ਹੈ। ਇਹ ਪੰਛੀ ਪੂਰਬੀ ਅਤੇ ਦੱਖਣੀ ਅਫ਼ਰੀਕਾ ਦੇ ਬਹੁਤ ਸਾਰੇ ਹਿੱਸਿਆਂ ਵਿਚ, ਯੂਰੋਪ, ਅਰਬ ਅਤੇ ਦੱਖਣ-ਪੱਛਮੀ ਭਾਰਤ ਦੇ ਦੱਖਣੀ ਪ੍ਰਾਇਦੀਪ ਵਿਚ ਸਰਦੀਆਂ ਵਿਚ ਪਰਵਾਸ ਕਰਦਾ ਹੈ।
ਇਸ ਦੇ ਖੰਭ ਚੌੜਾਈ ਵਿਚ ਹੁੰਦੇ ਹਨ। ਇਸ ਦੀ ਪੂਛ ਵੀ ਚੌੜੀ ਹੁੰਦੀ ਹੈ। ਇਸ ਦੀ ਪੂਛ ਦਾ ਰੰਗ ਥੋੜ੍ਹਾ ਪੀਲਾ ਤੇ ਚਾਕਲੇਟੀ ਹੁੰਦਾ ਹੈ। ਇਸ ਦੀ ਛਾਤੀ ਦੇ ਹੇਠਲੇ ਖੰਭ ਵੀ ਪੀਲੇ ਤੇ ਲਾਖੇ ਹੁੰਦੇ ਹਨ। ਇਸ ਦੀ ਲੰਬਾਈ 51 ਤੋਂ 55 ਸੈਂਟੀਮੀਟਰ ਹੁੰਦੀ ਹੈ। ਨਰ ਤੀਸਾ ਆਕਾਰ ਤੇ ਭਾਰ ਵਿਚ ਮਾਦਾ ਨਾਲੋਂ ਛੋਟਾ ਹੁੰਦਾ ਹੈ। ਮਾਦਾ ਦਾ ਭਾਰ 710 ਗ੍ਰਾਮ ਤੋਂ 1,175 ਗ੍ਰਾਮ ਦੇ ਲਗਭਗ ਹੁੰਦਾ ਹੈ। ਨਰ ਦਾ ਭਾਰ 600 ਤੋਂ 675 ਗ੍ਰਾਮ ਹੁੰਦਾ ਹੈ। ਇਨ੍ਹਾਂ ਦੀਆਂ ਲੱਤਾਂ ਅਤੇ ਪੰਜੇ ਪੀਲੇਪਣ ਵਿਚ ਹੁੰਦੇ ਹਨ। ਇਸ ਦੀ ਤਿੱਖੀ ਚੁੰਝ ਹੁੱਕ ਦੀ ਤਰ੍ਹਾਂ ਮੁੜੀ ਹੋਈ ਹੁੰਦੀ ਹੈ।
ਸਰਦੀਆਂ ਦੇ ਮੌਸਮ ਵਿਚ ਇਹ ਸ਼ਿਕਾਰੀ ਪੰਛੀ ਅਕਸਰ ਸੜਕ ਦੇ ਕੰਢੇ ਟੈਲੀਫੋਨ ਦੇ ਖੰਭਿਆਂ ਦੀਆਂ ਤਾਰਾਂ, ਉੱਚੇ ਦਰੱਖਤਾਂ ਉੱਤੇ ਆਪਣੇ ਸ਼ਿਕਾਰ ਦੀ ਭਾਲ ਵਿਚ ਬੈਠਾ ਰਹਿੰਦਾ ਹੈ। ਕਈ ਤਾਂ ਸ਼ਿਕਾਰ ਦੀ ਭਾਲ ਵਿਚ ਆਪਣਾ ਸੰਤੁਲਨ ਬਣਾ ਕੇ ਰੱਖਦੇ ਹੋਏ ਧਰਤੀ ਤੋਂ ਥੋੜ੍ਹੀ ਉਚਾਈ ’ਤੇ ਉੱਡਦੇ ਰਹਿੰਦੇ ਹਨ। ਇਹ ਪੰਛੀ ਚਹੇ, ਚਕੁੰਦਰਾਂ, ਕਿਰਲੀਆਂ, ਛੋਟੇ ਸੱਪ ਸਪੋਲੀਏ ਅਤੇ ਛੋਟੇ ਪੰਛੀਆਂ ਦੀ ਭਾਲ ਵਿਚ ਸੁਚੇਤ ਰਹਿੰਦਾ ਹੈ। ਤੀਸਾ ਬੇਸ਼ੱਕ ਇਕ ਪਰਵਾਸੀ ਸ਼ਿਕਾਰੀ ਪੰਛੀ ਹੈ, ਪਰ ਇਸ ਦੀ ਸਥਿਤੀ ਸਾਡੇ ਰਾਜ ਵਿਚ ਵਧੀਆ ਹੈ। ਇਹ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-IV ਦਾ ਪੰਛੀ ਹੈ। ਆਈ.ਯੂ. ਸੀ. ਐੱਨ. ਵੱਲੋਂ ਇਸ ਨੂੰ ਘੱਟ ਤੋਂ ਘੱਟ ਚਿੰਤਤ (ਲੀਸਟ ਕਨਸਰਨ) ਸੂਚੀ ਵਿਚ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910